ਗਲੋਬਲ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੂੰ ਵਿਚੋਲਗੀ, ਸਾਈਬਰ ਅਪਰਾਧ ਅਤੇ ਪੋਸ਼ ਐਕਟ ਸਬੰਧੀ ਕੀਤਾ ਜਾਗਰੂਕ
ਅੰਮ੍ਰਿਤਸਰ, 8 ਸਤੰਬਰ: (ਕੇ.ਐਲ. ਜੀਤ ਵਾਲੀਆ)-
ਵਿਦਿਆਰਥੀਆਂ ਵਿੱਚ ਸੋਸ਼ਲ ਮੀਡੀਆ ਦੀ ਵੱਧ ਰਹੀ ਨਿਰਭਰਤਾ ਅਤੇ ਦਿਨੋਂ-ਦਿਨ ਵੱਧ ਰਹੇ ਸਾਈਬਰ ਅਪਰਾਧਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਮਜਿਸਟ੍ਰੇਟ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐੱਲ.ਐੱਸ.ਏ.), ਅੰਮ੍ਰਿਤਸਰ ਦੇ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਦੂਰ ਰਹਿਣ ਅਤੇ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ।
ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਮੰਗਲਵਾਰ ਨੂੰ ਕਾਨੂੰਨ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਕਾਨੂੰਨੀ ਅਤੇ ਸਮਾਜਿਕ ਮੁੱਦਿਆਂ ਸਬੰਧੀ ਇੱਕ ਜਾਗਰੂਕਤਾ ਲੈਕਚਰ ਕਰਵਾਇਆ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਕੀਤੀ। ਇਸ ਮੌਕੇ ਕਾਨੂੰਨ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਸ੍ਰੀਮਤੀ ਕਰਿਸ਼ਮਾ ਜੈਨ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ, ਜਦਕਿ ਡਾ. ਮਨਿੰਦਰ ਸਿੰਘ ਨੇ ਮੁੱਖ ਬੁਲਾਰੇ ਸ੍ਰੀ ਅਮਰਦੀਪ ਸਿੰਘ ਬੈਂਸ ਦੀ ਜਾਣ-ਪਛਾਣ ਵਿਦਿਆਰਥੀਆਂ ਨਾਲ ਕਰਵਾਈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐੱਲ.ਐੱਸ.ਏ.), ਅੰਮ੍ਰਿਤਸਰ ਦੇ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਨੇ ਵਿਦਿਆਰਥੀਆਂ ਨਾਲ ਵੱਖ-ਵੱਖ ਮਹੱਤਵਪੂਰਨ ਕਾਨੂੰਨੀ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਸੈਸ਼ਨ ਦੌਰਾਨ ਵਿਚੋਲਗੀ ਰਾਹੀਂ ਵਿਕਲਪਿਕ ਵਿਵਾਦ ਨਿਪਟਾਰਾ (ਏ.ਡੀ.ਆਰ.) ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਵਿਹਾਰਕ ਤੌਰ ’ਤੇ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵਿਵਾਦਾਂ ਦਾ ਸੁਹਿਰਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਅਤੇ ਡਿਜੀਟਲ ਧੋਖਾਧੜੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਚੌਕਸ ਅਤੇ ਸਾਵਧਾਨ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਪ੍ਰੋਗਰਾਮ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਕਾਰਜਸਥਲ ’ਤੇ ਮਹਿਲਾਵਾਂ ਨਾਲ ਜਿਨਸੀ ਉਤਪੀੜਨ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013, ਜਿਸ ਨੂੰ ਪੋਸ਼ ਐਕਟ ਵਜੋਂ ਜਾਣਿਆ ਜਾਂਦਾ ਹੈ, ਦੇ ਪ੍ਰਾਵਧਾਨਾਂ ਸਬੰਧੀ ਜਾਗਰੂਕਤਾ ਸੈਸ਼ਨ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਕਾਰਜਸਥਲ ’ਤੇ ਜਿਨਸੀ ਉਤਪੀੜਨ ਦੀ ਰੋਕਥਾਮ, ਮਨਾਹੀ ਅਤੇ ਸ਼ਿਕਾਇਤਾਂ ਦੇ ਨਿਵਾਰਣ ਨਾਲ ਸਬੰਧਤ ਕਾਨੂੰਨੀ ਪ੍ਰਕਿਰਿਆਵਾਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਸਮਾਪਤ ਹੋਇਆ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਮਹੱਤਵਪੂਰਨ ਕਾਨੂੰਨੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਮਾਹਿਰ ਮਾਰਗਦਰਸ਼ਨ ਦਾ ਲਾਭ ਵੀ ਉਠਾਇਆ। ਵਿਭਾਗ ਦੀ ਪ੍ਰੋ. ਮਾਨਸੀ ਕੌਰ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ, ਡੀਨ ਸਟੂਡੈਂਟ ਵੈਲਫੇਅਰ ਡਾ. ਪੀ.ਕੇ. ਸ਼ਰਮਾ ਅਤੇ ਕਾਨੂੰਨ ਵਿਭਾਗ ਦੀ ਕੋਆਰਡੀਨੇਟਰ ਡਾ. ਰਜਨੀ ਬੇਦੀ ਨੇ ਮੁੱਖ ਬੁਲਾਰੇ ਸ੍ਰੀ ਅਮਰਦੀਪ ਸਿੰਘ ਬੈਂਸ ਨੂੰ ਸਨਮਾਨਿਤ ਕੀਤਾ।
















