ਨਗਰ ਨਿਗਮ, ਟਰੈਫਿਕ ਪੁਲਿਸ ਅਤੇ ਵਪਾਰੀਆਂ ਦਰਮਿਆਨ ਹੋਏ ਮਾਮਲੇ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
ਵਪਾਰੀ ਅਤੇ ਪੁਲਿਸ ਦਾ ਨੌਂ ਮਾਸ ਦਾ ਨਹੀਂ, ਸਗੋਂ ਵਿਸ਼ਵਾਸ ਅਤੇ ਸਹਿਯੋਗ ਦਾ ਅਟੁੱਟ ਰਿਸ਼ਤਾ ਹੈ : ਮਾਨ, ਹਰਪ੍ਰੀਤ ਮਰਵਾਹਾ
ਅੰਮ੍ਰਿਤਸਰ, 9 ਸਤੰਬਰ (ਕੇ. ਐਲ. ਜੀਤ ਵਾਲੀਆ) – ਛੇਹਰਟਾ ਬਾਜ਼ਾਰ ਵਿਖੇ ਬੀਤੇ ਦਿਨ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਵਪਾਰੀ ਅਮਨਦੀਪ ਅਨੰਦ ਇਲੈਕਟ੍ਰਾਨਿਕਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਿਚਕਾਰ ਹੋਈ ਬਹਿਸ ਨਾਲ ਪੈਦਾ ਹੋਈ ਗਲਤਫਹਿਮੀ ਦਾ ਅੱਜ ਸੁਖਦ ਹੱਲ ਹੋ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਐਡਵੋਕੇਟ ਰਮਨ ਕੁਮਾਰ ਨੇ ਮਾਮਲੇ ਵਿੱਚ ਦਖਲ ਦਿੰਦਿਆਂ ਆਪਣੀ ਸੂਝ-ਬੂਝ ਅਤੇ ਆਪਸੀ ਸੰਵਾਦ ਰਾਹੀਂ ਦੋਵਾਂ ਧਿਰਾਂ ਨੂੰ ਇੱਕਠਾ ਕਰਕੇ ਮਸਲੇ ਦਾ ਨਿਪਟਾਰਾ ਕਰਵਾਇਆ।
ਇਸ ਮੌਕੇ ਦੋਵਾਂ ਧਿਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਅਤੇ ਸਾਰੀਆਂ ਗਲਤਫਹਿਮੀਆਂ ਨੂੰ ਦੂਰ ਕਰਦਿਆਂ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ। ਐਡਵੋਕੇਟ ਰਮਨ ਕੁਮਾਰ ਨੇ ਦੋਵਾਂ ਧਿਰਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦਿਆਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਆਪਸੀ ਤਾਲਮੇਲ ਅਤੇ ਸੰਵਾਦ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਅੱਜ ਅਨੰਦ ਇਲੈਕਟ੍ਰਾਨਿਕਸ ਵਿਖੇ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਵੈਸਟ ਐਡਵੋਕੇਟ ਰਮਨ ਕੁਮਾਰ, ‘ਆਪ’ ਟ੍ਰੇਡਰ ਕਮਿਸ਼ਨ ਹਲਕਾ ਵੈਸਟ ਦੇ ਚੇਅਰਮੈਨ ਮਨਜੀਤ ਸਿੰਘ ਮਾਨ ਦੇ ਨਾਲ ਬਲਾਕ ਇੰਚਾਰਜ ਹਰਪ੍ਰੀਤ ਸਿੰਘ ਮਰਵਾਹਾ, ਜਗਜੀਤ ਸਿੰਘ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਮੱਲੀ, ਵਿਨੇ ਪਾਲ ( ਸਾਰੇ ਬਲਾਕ ਇੰਚਾਰਜ), ਤਰਲੋਕੀਨਾਥ , ਜਸਵੰਤ ਸਿੰਘ ਅਰੋੜਾ ਬੇਕਰੀ ਅਤੇ ਅਸ਼ੋਕ ਧਵਨ ਸਮੇਤ ਹੋਰ ਆਗੂ ਹਾਜ਼ਰ ਸਨ।
ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਵਾਪਰੀ ਘਟਨਾ ਕੁਝ ਗਲਤਫਹਿਮੀਆਂ ਕਾਰਨ ਸਾਹਮਣੇ ਆਈ ਸੀ, ਜਿਸ ਨੂੰ ਹੁਣ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਪੁਲਿਸ ਦਰਮਿਆਨ ਇੱਕ ਪੁਰਾਣਾ, ਮਜ਼ਬੂਤ ਅਤੇ ਅਟੁੱਟ ਰਿਸ਼ਤਾ ਹੈ। ਸ਼ਹਿਰ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਵਿੱਚ ਵਪਾਰੀ ਵਰਗ, ਪੁਲਿਸ, ਨਗਰ ਨਿਗਮ ਅਤੇ ਪ੍ਰਸ਼ਾਸਨ ਸਾਰੇ ਆਪਣੀ-ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਪ੍ਰਬੰਧਨ, ਸਫ਼ਾਈ, ਸੁਚਾਰੂ ਆਵਾਜਾਈ ਅਤੇ ਨਗਰ ਨਿਗਮ ਦੀਆਂ ਵਿਵਸਥਾਵਾਂ ਨੂੰ ਬਿਹਤਰ ਬਣਾਉਣ ਲਈ ਵਪਾਰੀ ਵਰਗ ਹਮੇਸ਼ਾ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਰਿਹਾ ਹੈ। ਵਪਾਰੀ ਸਰਕਾਰ, ਪੁਲਿਸ ਅਤੇ ਨਗਰ ਨਿਗਮ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ ਅਤੇ ਸ਼ਹਿਰ ਦੇ ਵਿਕਾਸ ਤੇ ਬਿਹਤਰੀ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।
ਐਡਵੋਕੇਟ ਰਮਨ ਕੁਮਾਰ ਨੇ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਟਕਰਾਅ ਨਹੀਂ, ਸਗੋਂ ਆਪਸੀ ਗੱਲਬਾਤ ਅਤੇ ਵਿਸ਼ਵਾਸ ਰਾਹੀਂ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਵਪਾਰੀ ਭਾਈਚਾਰਾ ਸ਼ਹਿਰ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਜਦਕਿ ਪੁਲਿਸ ਅਤੇ ਨਗਰ ਨਿਗਮ ਸ਼ਹਿਰ ਦੀ ਸੁਰੱਖਿਆ ਅਤੇ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਕੰਮ ਕਰਦੇ ਹਨ। ਇਸ ਲਈ ਸਾਰੀਆਂ ਧਿਰਾਂ ਵਿਚਕਾਰ ਆਪਸੀ ਤਾਲਮੇਲ ਅਤੇ ਸਨਮਾਨ ਬੇਹੱਦ ਜ਼ਰੂਰੀ ਹੈ।
ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਪਾਰੀ ਭਾਈਚਾਰਾ ਸਮਾਜ ਦੇ ਅਹਿਮ ਅੰਗ ਹਨ ਅਤੇ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੋਵਾਂ ਵਿਚਕਾਰ ਸਹਿਯੋਗ ਹੋਣਾ ਲਾਜ਼ਮੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਕਿਸੇ ਵੀ ਮਾਮਲੇ ਨੂੰ ਗਲਤਫਹਿਮੀ ਦੀ ਬਜਾਏ ਆਪਸੀ ਸੰਵਾਦ ਰਾਹੀਂ ਹੱਲ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ ਸਹਿਯੋਗ, ਭਾਈਚਾਰੇ ਅਤੇ ਆਪਸੀ ਵਿਸ਼ਵਾਸ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
















