ਅੰਮ੍ਰਿਤਸਰ, 14 ਅਪ੍ਰੈਲ (ਕੇ.ਐਲ. ਜੀਤ ਵਾਲੀਆ, ਭੁੱਲਰ) – ਸੇਵਾ ਮੁਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ/ਤਰਨਤਾਰਨ (ਪੰਜਾਬ) ਦੀ ਇਕ ਅਹਿਮ ਮੀਟਿੰਗ ਹੈਰੀਟੇਜ ਕਲੱਬ, ਗਾਂਧੀ ਗਰਾਊਂਡ ਵਿਖੇ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
ਇਸ ਮੌਕੇ ਪੰਜਾਬ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨਾਲ ਪੰਜਾਬ ਪਟਵਾਰ ਯੂਨੀਅਨ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਸਮਰਾ ਅਤੇ ਤਹਿਸੀਲ ਅੰਮ੍ਰਿਤਸਰ-1 ਅਤੇ 2 ਦੇ ਤਹਿਸੀਲ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਸਾਬਕਾ ਅਹੁਦੇਦਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾਂ ਵਿੱਚ ਹਰਜੀਤ ਸਿੰਘ ਸੈਦੋਲੇਹਲ (ਸਾਬਕਾ ਜਨਰਲ ਸਕੱਤਰ), ਕੁਲਵੰਤ ਸਿੰਘ ਡੇਹਰੀਵਾਲ (ਸਾਬਕਾ ਜਿਲ੍ਹਾ ਪ੍ਰਧਾਨ), ਹਰਮਿੰਦਰ ਸਿੰਘ (ਸਾਬਕਾ ਪ੍ਰਧਾਨ), ਤਰਨਤਾਰਨ ਤੋਂ ਜਸਬੀਰ ਸਿੰਘ ਬੱਲ (ਸਾਬਕਾ ਜਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ), ਅਸ਼ੋਕ ਕੁਮਾਰ (ਨਾਇਬ ਤਹਿਸੀਲਦਾਰ), ਮੇਜਰ ਸਿੰਘ ਭੋਮਾ (ਰਿਟਾਇਰ ਕਾਨੂੰਗੋ), ਰਮੇਸ਼ ਪਾਲ ਕਾਨੂੰਗੋ, ਹਰਭਜਨ ਸਿੰਘ ਐਡਵੋਕੇਟ, ਜਤਿੰਦਰ ਕੁਮਾਰ, ਜੋਗਿੰਦਰ ਸਿੰਘ, ਵਿਪਨ ਕੁਮਾਰ, ਤਰਸੇਮ ਸਿੰਘ ਫਤੂਭੀਲਾ ਅਤੇ ਕਰਨਜੀਤ ਸਿੰਘ (ਮੌਜੂਦਾ ਪ੍ਰਧਾਨ ਤਹਿਸੀਲ ਲੋਪੋਕੇ) ਸ਼ਾਮਲ ਸਨ। ਲਗਭਗ 40-50 ਮੈਂਬਰਾਂ ਨੇ ਇਸ ਬੈਠਕ ਵਿੱਚ ਹਾਜ਼ਰੀ ਭਰੀ।
ਮੀਟਿੰਗ ਵਿੱਚ ਮੈਂਬਰਾਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਡੀ.ਏ. ਦੇ ਬਕਾਏ ਦੀ ਤੁਰੰਤ ਅਦਾਇਗੀ, ਮੈਡੀਕਲ ਬਿੱਲਾਂ ਦੀ ਭੁਗਤਾਨੀ, ਲੀਵ ਐਨਕੈਸ਼ਮੈਂਟ ਅਤੇ ਹੋਰ ਬਕਾਇਆ ਭੱਤਿਆਂ ਦੇ ਨਿਪਟਾਰੇ ਸਮੇਤ ਕਈ ਮਹੱਤਵਪੂਰਨ ਮਸਲੇ ਸ਼ਾਮਲ ਸਨ। ਇਸ ਤੋਂ ਇਲਾਵਾ ਹਾਈਕੋਰਟ ਦੇ ਮਨੁੱਖੀ ਅਧਿਕਾਰਾਂ ਸਬੰਧੀ ਫੈਸਲੇ ਦਾ ਸਵਾਗਤ ਕਰਦਿਆਂ ਐਸੋਸੀਏਸ਼ਨ ਨੇ ਉਸ ਦਾ ਧੰਨਵਾਦ ਵੀ ਕੀਤਾ।
ਬੁਲਾਰਿਆਂ ਨੇ ਮੰਗ ਕੀਤੀ ਕਿ ਰਿਟਾਇਰਡ ਰੈਵੀਨਿਊ ਕਰਮਚਾਰੀਆਂ ਨੂੰ ਸਰਕਾਰੀ ਦਫਤਰਾਂ, ਖ਼ਾਸ ਕਰਕੇ ਤਹਿਸੀਲ ਅਤੇ ਪਟਵਾਰੀ ਦਫਤਰਾਂ ਵਿੱਚ ਸੀਨੀਅਰ ਸਿਟੀਜਨ ਵਜੋਂ ਪੂਰਾ ਮਾਨ-ਸਨਮਾਨ ਦਿੱਤਾ ਜਾਵੇ।
ਇਸ ਮੌਕੇ ਪੰਜਾਬ ਪਟਵਾਰ ਯੂਨੀਅਨ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਸਮਰਾ ਨੇ ਭਰੋਸਾ ਦਿਵਾਇਆ ਕਿ ਰਿਟਾਇਰਡ ਕਰਮਚਾਰੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਨਿਰਮਲਜੀਤ ਸਿੰਘ ਬਾਜਵਾ ਨੇ ਵੀ ਕਿਹਾ ਕਿ ਇਹ ਸਾਰੀਆਂ ਮੰਗਾਂ ਪੰਜਾਬ ਪੱਧਰ ਦੀਆਂ ਮੀਟਿੰਗਾਂ ਵਿੱਚ ਉਠਾਈਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।
ਅੰਤ ਵਿੱਚ ਐਸੋਸੀਏਸ਼ਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਿਟਾਇਰਡ ਕਰਮਚਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।
















