ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ) – ਸ਼ਿੰਗਾਰ ਐਵਨਿਊ ਵੈਲਫੇਅਰ ਸੋਸਾਇਟੀ (ਰਜਿ.), ਛੇਹਰਟਾ ਦੀ ਇਕ ਅਹਿਮ ਬੈਠਕ ਅੱਜ ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਬੈਠਕ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਢਿੱਲੋਂ, ਮੀਤ ਪ੍ਰਧਾਨ ਸੁਖਬੀਰ ਸਿੰਘ, ਸਕੱਤਰ ਰੇਸ਼ਮ ਸਿੰਘ ਢਿੱਲੋਂ, ਕੈਸ਼ੀਅਰ ਦਲੀਪ ਸਿੰਘ (ਸੇਵਾਮੁਕਤ ਕਾਨੂੰਗੋ) ਅਤੇ ਹੋਰ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਨਿਵਾਸੀਆਂ ਨੇ ਸ਼ਿਰਕਤ ਕੀਤੀ।
ਬੈਠਕ ਦੌਰਾਨ ਕੁਝ ਕਬਜ਼ਾਧਾਰੀ ਵਿਅਕਤੀਆਂ ਵੱਲੋਂ ਸ਼ਿੰਗਾਰ ਐਵਨਿਊ ਵਿੱਚੋਂ ਜਬਰੀ ਰਸਤਾ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਰਾਜਨੀਤਿਕ ਸ਼ਹਿ ਹਾਸਲ ਕਰਕੇ ਕਾਲੋਨੀ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਅਤੇ ਨਿਵਾਸੀਆਂ ਨੂੰ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਕਿਸੇ ਹੋਰ ਦੀ ਮਲਕੀਅਤ ਵਾਲੇ ਰਸਤੇ ਨੂੰ ਜਬਰੀ ਤੌਰ ‘ਤੇ ਸ਼ਿੰਗਾਰ ਐਵਨਿਊ ਦੀ ਗਲੀ ਨਾਲ ਜੋੜਨ ਦੀ ਕੋਸ਼ਿਸ਼ ਕਤਈ ਕਬੂਲਯੋਗ ਨਹੀਂ ਹੈ। ਇਸ ਮਾਮਲੇ ‘ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸਮੂਹ ਨਿਵਾਸੀਆਂ ਨੇ ਇਕਸੁਰ ਹੋ ਕੇ ਫੈਸਲਾ ਕੀਤਾ ਕਿ ਕਾਲੋਨੀ ਵਿੱਚੋਂ ਕਿਸੇ ਨੂੰ ਵੀ ਕੋਈ ਨਵਾਂ ਰਸਤਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨਿਵਾਸੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਆਪਣੇ ਹੱਕਾਂ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਵੀ ਖਟਖਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲੋਨੀ ਦਾ ਜੀ.ਟੀ. ਰੋਡ ਵੱਲ ਸਿਰਫ ਇੱਕ ਅਧਿਕਾਰਤ ਰਸਤਾ ਹੈ, ਜਿੱਥੇ ਸੁਰੱਖਿਆ ਲਈ ਗਾਰਡ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਇਲਾਕਾ ਨਿਵਾਸੀਆਂ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਕਾਲੋਨੀ ਦੇ ਅਮਨ-ਚੈਨ ਅਤੇ ਸੁਖਦ ਮਾਹੌਲ ਨੂੰ ਭੰਗ ਨਹੀਂ ਹੋਣ ਦੇਣਗੇ ਅਤੇ ਕਿਸੇ ਵੀ ਗੈਰਕਾਨੂੰਨੀ ਕੋਸ਼ਿਸ਼ ਦਾ ਡਟ ਕੇ ਵਿਰੋਧ ਕਰਨਗੇ। ਕਲੋਨੀ ਨਿਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ, ਪੁਲਿਸ ਕਮਿਸ਼ਨਰ ਅੰਮ੍ਰਿਤਸਰ,ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਅਜਿਹੀਆਂ ਕੋਸ਼ਿਸ਼ਾਂ ਤੇ ਰੋਕ ਲਗਾਈ ਜਾਵੇ ।
ਇਸ ਮੌਕੇ ਸ. ਮੱਖਣ ਸਿੰਘ,ਸੰਯੁਕਤ ਸਕੱਤਰ ਰਜਿੰਦਰ ਸਿੰਘ ਸੰਧੂ, ਰਾਣਾ ਪ੍ਰਤਾਪ ਸਿੰਘ, ਰਮਨ ਕੁਮਾਰ ਅਰੋੜਾ , ਅਮਰਜੀਤ ਕਾਲਾ, ਨਿਰਭੇ ਰਾਮ ਅਰੋੜਾ, ਹਰਜਿੰਦਰ ਕੁਮਾਰ, ਜਸਪਾਲ ਸਿੰਘ, ਸਿਮਰਨਜੀਤ, ਅਵਤਾਰ ਸਿੰਘ, ਕੁਨਾਲ,ਸੁਖਜਿੰਦਰ ਸਿੰਘ, ਅਮਿਤ ਕੁਮਾਰ ,ਚੰਚਲ ਸਿੰਘ ,ਦਿਲਸ਼ੇਰ ਸਿੰਘ ,ਸੁਰਜੀਤ ਸਿੰਘ ,ਹੈਪੀ ਪ੍ਰੋਪਟੀ ,ਗੁਰਚਰਨ ਸਿੰਘ ਸਮੇਤ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਕਾਲੋਨੀ ਨਿਵਾਸੀ ਹਾਜ਼ਰ ਸਨ। ਸਾਰੇ ਨਿਵਾਸੀਆਂ ਨੇ ਇਕਜੁੱਟ ਹੋ ਕੇ ਕਾਲੋਨੀ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਸੰਕਲਪ ਦੁਹਰਾਇਆ।
















