ਪੰਜਾਬ ਡਰੱਗ ਪਾਲਿਸੀ 2021 ਵਿੱਚ ਸੁਧਾਰ ਲਈ ਇੱਕ ਹਫ਼ਤੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ
ਅੰਮ੍ਰਿਤਸਰ, 2 ਸਤੰਬਰ (ਕੇ. ਐਲ. ਜੀਤ ਵਾਲੀਆ)- ਪੰਜਾਬ ਕੈਮਿਸਟਸ ਐਸੋਸੀਏਸ਼ਨ (ਰਜਿ.), ਜੋ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟਸ ਐਂਡ ਡਰੱਗਸਿਸਟਸ ਦੇ ਅਧੀਨ ਕੰਮ ਕਰਦੀ ਹੈ, ਦਾ ਇੱਕ ਵਫ਼ਦ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ. ਐਸ. ਚਾਵਲਾ ਦੀ ਅਗਵਾਈ ਹੇਠ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਚੀਫ ਸੈਕਟਰੀ ਹੈਲਥ ਸ੍ਰੀ ਕੁਮਾਰ ਰਾਹੁਲ ਨੂੰ ਮਿਲਿਆ।
ਇਸ ਮੌਕੇ ਕਰੀਬ ਦੋ ਘੰਟੇ ਚੱਲੀ ਬੈਠਕ ਦੌਰਾਨ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਕੈਮਿਸਟ ਭਾਈਚਾਰੇ ਅਤੇ ਦਵਾਈ ਕਾਰੋਬਾਰ ਨਾਲ ਸਬੰਧਤ ਕਈ ਅਹਿਮ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ।
ਬੈਠਕ ਦੌਰਾਨ ਪੰਜਾਬ ਡਰੱਗ ਪਾਲਿਸੀ 2021 ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਹਫ਼ਤੇ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਆਨਲਾਈਨ ਨੈਸ਼ਨਲ ਡਰੱਗ ਲਾਈਸੈਂਸਿੰਗ ਸਿਸਟਮ ਵਿੱਚ ਆ ਰਹੀਆਂ ਖਾਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਉਠਾਈ ਗਈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਇਸ ਪ੍ਰਣਾਲੀ ਨੂੰ ਕੇਂਦਰ ਸਰਕਾਰ ਨਾਲ ਪੱਤਰ ਵਿਹਾਰ ਅਤੇ ਸਾਰੇ ਸਟੇਕਹੋਲਡਰਾਂ ਨਾਲ ਗੱਲਬਾਤ ਕਰਨ ਤੱਕ ਸਥਾਈ ਤੌਰ ’ਤੇ ਸਥਗਿਤ ਰੱਖਿਆ ਜਾਵੇ।
ਫਾਰਮਾਸਿਸਟਾਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਜਿਨ੍ਹਾਂ ਫਾਰਮਾਸਿਸਟਾਂ ਦਾ ਪਹਿਲਾਂ ਹੀ ਰਿਨਿਊਅਲ ਹੋ ਚੁੱਕਾ ਹੈ, ਉਨ੍ਹਾਂ ਨਾਲ ਸਬੰਧਤ ਐਚ.ਪੀ.ਆਰ. ਪੋਰਟਲ ਨੂੰ ਫਾਰਮੇਸੀ ਕੌਂਸਲ ਅਤੇ ਡਰੱਗ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਅਦ ਲਾਗੂ ਕਰਨ ਦੀ ਮੰਗ ਰੱਖੀ ਗਈ।
ਇਸੇ ਤਰ੍ਹਾਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵਿੱਚ ਕੈਮਿਸਟਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਅਤੇ ਇਸ ਸਬੰਧੀ ਜਲਦ ਹੀ ਹੈਲਥ ਸੈਕਟਰੀ ਨਾਲ ਗੱਲਬਾਤ ਕਰਨ ’ਤੇ ਵੀ ਚਰਚਾ ਹੋਈ।
ਬੈਠਕ ਦੌਰਾਨ ਜਨ ਔਸ਼ਧੀ ਦਵਾਈਆਂ ਦੀਆਂ ਦੁਕਾਨਾਂ ਦੀ ਵੀ ਨਿਯਮਿਤ ਚੈਕਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ ਗਈ।
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਐਚ-1 ਰਜਿਸਟਰ ਨੂੰ ਲਾਜ਼ਮੀ ਨਾ ਕੀਤਾ ਜਾਵੇ ਅਤੇ ਕੰਪਿਊਟਰ ’ਤੇ ਰੱਖਿਆ ਜਾਣ ਵਾਲਾ ਰਿਕਾਰਡ ਵੀ ਵੈਧ ਮੰਨਿਆ ਜਾਵੇ, ਕਿਉਂਕਿ ਕੈਮਿਸਟ ਸੇਲ ਅਤੇ ਪਰਚੇਜ਼ ਦਾ ਸਾਰਾ ਕੰਮ ਬਿਲਾਂ ਦੇ ਆਧਾਰ ’ਤੇ ਕਰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਆਨਲਾਈਨ ਕੰਪਨੀਆਂ ਦਾ ਮੁੱਦਾ ਵੀ ਉਠਾਇਆ ਗਿਆ ਜੋ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੀਆਂ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਅਤੇ ਚੀਫ ਸੈਕਟਰੀ ਨੇ ਡਰੱਗ ਵਿਭਾਗ ਨੂੰ ਅਜਿਹੀਆਂ ਕੰਪਨੀਆਂ ਦੀ ਜਾਂਚ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ. ਐਸ. ਚਾਵਲਾ, ਖਜ਼ਾਨਚੀ ਅਮਨਦੀਪ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸੁਦਰਸ਼ਨ ਚੌਧਰੀ, ਰਜੀਵ ਜੈਨ ਅਤੇ ਜਗਤਾਰਨ ਸਿੰਘ ਤੋਂ ਇਲਾਵਾ ਡਰੱਗ ਵਿਭਾਗ ਦੇ ਜੁਆਇੰਟ ਕਮਿਸ਼ਨਰ ਸੰਜੀਵ ਗਰਗ, ਅਸਿਸਟੈਂਟ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਅਮਿਤ ਦੁੱਗਲ ਆਦਿ ਵੀ ਹਾਜ਼ਰ ਸਨ।
















