ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ
ਧਾਰਮਿਕ ਸਮਾਗਮ ਕਰਾਉਣ ਦਾ ਮਕਸਦ ਲੋਕਾਂ ਨੂੰ ਮਨੁੱਖਤਾ ਅਤੇ ਭਾਈਚਾਰੇ ਨਾਲ ਜੋੜਨਾ ਹੈ- ਮੁੱਖ ਸੇਵਾਦਾਰ ਸੋਹਲ
ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਪੁਰਾਤਨ ਅਤੇ ਇਤਿਹਾਸਿਕ ਸਿੱਧ ਖਵਾਜਾ ਗਰੀਬ ਨਿਵਾਜ਼ ਦਰਗਾਹ ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਸੋਹਲ ਦੀ ਦੇਖ-ਰੇਖ ਹੇਠ ਬੜੀ ਸ਼ਰਧਾ, ਭਗਤੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਪੀਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਦਰਗਾਹ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਆਮ ਆਦਮੀ ਪਾਰਟੀ ਹਲਕਾ ਪੂਰਬੀ ਟਰੇਡ ਕਮਿਸ਼ਨ ਦੇ ਚੇਅਰਮੈਨ ਕਪਿਲ ਚੱਢਾ ਨੇ ਦਰਗਾਹ ਵਿੱਚ ਮੱਥਾ ਟੇਕ ਕੇ ਪੀਰ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਦੇ ਦਰਸ਼ਨ ਕੀਤੇ। ਉਨ੍ਹਾਂ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸਾਦ ਗ੍ਰਹਿਣ ਕੀਤਾ।
ਇਸ ਮੌਕੇ ਬੋਲਦਿਆਂ ਕਪਿਲ ਚੱਢਾ ਨੇ ਕਿਹਾ ਕਿ ਧਾਰਮਿਕ ਸਥਾਨ ਸਾਨੂੰ ਆਪਸੀ ਭਾਈਚਾਰੇ, ਪਿਆਰ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ਹਮੇਸ਼ਾਂ ਤੋਂ ਸਾਂਝੀਵਾਲਤਾ ਅਤੇ ਧਾਰਮਿਕ ਏਕਤਾ ਦੀ ਮਿਸਾਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਭਰੇ ਜੀਵਨ ਵਿੱਚੋਂ ਕੁਝ ਸਮਾਂ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਕੱਢਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਲੋਕਾਂ ਨੂੰ ਇਕੱਠੇ ਹੋ ਕੇ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਨੇ ਕਪਿਲ ਚੱਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਪਹੁੰਚੀਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਰਗਾਹ ਵਿਖੇ ਸਮੇਂ-ਸਮੇਂ ’ਤੇ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਮਨੁੱਖਤਾ ਅਤੇ ਭਾਈਚਾਰੇ ਨਾਲ ਜੋੜਨਾ ਹੈ।
ਸਮਾਗਮ ਦੌਰਾਨ ਸੰਗਤਾਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਰੂਹਾਨੀ ਕਵਾਲੀਆਂ ਰਾਹੀਂ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਦੇ ਚੇਅਰਮੈਨ ਅਤੇ ਬਾਰ ਐਸੋਸੀਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿਜਰ, ਪੰਜਾਬ ਮੀਡੀਆ ਟਾਈਮਜ਼ ਅਖਬਾਰ ਦੇ ਅਡਿਟਰ -ਇਨ -ਚੀਫ ਕੇ.ਐਲ.ਜੀਤ ਵਾਲੀਆ,ਚਨਪ੍ਰੀਤ ਸਿੰਘ ਸੋਹਲ, ਭੁਪਿੰਦਰ ਸਿੰਘ ਸੋਹਲ ਦਰਗਾਹ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
















