ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਮੁੱਖ ਮਕਸਦ :- ਡਾ. ਪਰਮਿੰਦਰ ਸਿੰਘ
ਫਿਰੋਜ਼ਪੁਰ 10 ਸਤੰਬਰ : (ਰਾਜੀਵ ਕੁਮਾਰ)
ਡਾ. ਪਰਮਿੰਦਰ ਸਿੰਘ ਵੱਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ ਗਿਆ। ਦਫਤਰ ਸਿਵਲ ਸਰਜਨ ਦੇ ਸਮੂਹ ਪ੍ਰੋਗਰਾਮ ਆਫਿਸਰ ਅਤੇ ਸਟਾਫ਼ ਵਲੋ ਡਾ ਪਰਮਿੰਦਰ ਸਿੰਘ ਨੂੰ ਫੁੱਲਾਂ ਦਾ ਗੁੱਲਦਸਤਾ ਦੇ ਕੇ ਸਵਾਗਤ ਕੀਤਾ। ਡਾ ਪਰਮਿੰਦਰ ਸਿੰਘ ਵਲੋਂ ਇਸ ਤੋ ਪਹਿਲਾਂ ਸਿਹਤ ਵਿਭਾਗ ਵਿਖੇ ਵੱਖ ਵੱਖ ਅਹੁਦਿਆ ਤੇ ਰਹਿ ਕੇ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾ ਪ੍ਰਦਾਨ ਕੀਤੀਆ ਗਈਆਂ।
ਡਾ ਪਰਮਿੰਦਰ ਸਿੰਘ ਨੇ 1995 ਵਿੱਚ ਸਿਹਤ ਵਿਭਾਗ ਵਿੱਚ ਸਰਕਾਰੀ ਸਿਹਤ ਸੰਸਥਾ ਮਾਨਾਂਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿੱਖੇ ਬਤੌਰ ਮੈਡੀਕਲ ਅਫ਼ਸਰ ਜੁਆਇੰਨ ਕਰ ਕੇ ਸ਼ੁਰੂਆਤ ਕੀਤੀ। ਉਸਤੋਂ ਬਾਅਦ ਪੰਜ਼ਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿੱਖੇ ਸਿਹਤ ਸੇਵਾਵਾਂ ਦਿੱਤੀਆਂ। ਸਾਲ 2004 ਤੋਂ 2007 ਤੱਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਫੋਰੈੰਸਿਕ ਮੈਡੀਸਿਨ ਦੀ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਸੀਨੀਅਰ ਰੈਸੀਡੈਂਸੀ ਡਿਪਾਰਟਮੇਂਟ ਆਫ ਫੋਰੈਂਸਿਕ ਮੈਡੀਸਿਨ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਖੇ ਕੀਤੀ। ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਦੇ ਔਹਦੇ ’ਤੇ ਤਾਇਨਾਤ ਰਹੇ। ਸਾਲ 2021 ਤੋਂ ਈ ਐਸ ਆਈ ਜਲੰਧਰ ਵਿੱਖੇ ਸੀਨੀਅਰ ਮੈਡੀਕਲ ਅਫ਼ਸਰ ਰਹੇ ਅਤੇ ਹੁਣ ਉਹਨਾਂ ਨੂੰ ਤਰਕੀ ਦੇ ਬਤੌਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਔਹਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।
ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇੰਨ-ਬਿੰਨ ਲਾਗੂ ਕਰਨਾ ਅਤੇ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਉਹਨਾਂ ਕਿਹਾ ਕਿ ਅੱਜ ਸਟਾਫ ਨਾਲ ਮੀਟਿੰਗ ਕਰਕੇ ਵੱਖ-ਵੱਖ ਪ੍ਰੋਗਰਾਮ ਬਾਰੇ ਜਾਣਕਾਰੀ ਲਈ ਗਈ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਮਿਲਾਵਟ ਖੋਰਾਂ ਨੂੰ ਚਿਤਾਵਨੀ ਦਿੱਤੀ ਕਿ ਖਾਣੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਖਾਣ ਪੀਣ ਵਾਲਿਆਂ ਵਸਤੂਆ ਸ਼ੁੱਧ ਅਤੇ ਸਾਫ਼ ਮਿਲਣ, ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਸਿਹਤ ਵਿਭਾਗ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜਾਂ ਨੂੰ ਸਹੀ ਇਲਾਜ਼ ਮਿਲੇ ਇਸ ਬਾਰੇ ਹਰ ਸੰਭਵ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ।
















