ਦਹਾਕਿਆਂ ਤੋਂ ਲਟਕਦੇ ਕੰਮ ਕਰਵਾਉਣ ਵਾਲੇ ਪ੍ਰਧਾਨ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 10 ਸਤੰਬਰ (ਕੇ. ਐਲ. ਜੀਤ ਵਾਲੀਆ)- ਅੰਮ੍ਰਿਤਸਰ ਦੇ ਉੱਘੇ ਐਡਵੋਕੇਟ ਮੰਗਤ ਰਾਮ ਸਿੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਆਨ, ਬਾਨ ਤੇ ਸ਼ਾਨ ਐਡਵੋਕੇਟ ਸਰਦਾਰ ਗੁਰਪ੍ਰੀਤ ਸਿੰਘ ਪਨੇਸਰ ਹਨ।
ਉਨ੍ਹਾਂ ਕਿਹਾ ਕਿ ਪਨੇਸਰ ਨੇ ਆਪਣੀ ਪ੍ਰਧਾਨਗੀ ਦੌਰਾਨ ਬਾਰ ਐਸੋਸੀਏਸ਼ਨ ਅਤੇ ਸਮੁੱਚੇ ਵਕੀਲ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਮਹੱਤਵਪੂਰਨ ਕੰਮ ਕਰਵਾਏ ਹਨ। ਉਨ੍ਹਾਂ ਦੀ ਕਾਰਜਸ਼ੈਲੀ, ਸਮਰਪਣ ਅਤੇ ਹਰ ਵਕੀਲ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਵਾਉਣ ਦੀ ਭਾਵਨਾ ਨੇ ਉਨ੍ਹਾਂ ਨੂੰ ਵਕੀਲ ਭਾਈਚਾਰੇ ਵਿੱਚ ਵਿਸ਼ੇਸ਼ ਸਥਾਨ ਦਿਵਾਇਆ ਹੈ।
ਐਡਵੋਕੇਟ ਮੰਗਤ ਰਾਮ ਸਿੱਲੀ ਨੇ ਕਿਹਾ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਅਗਵਾਈ ਪਿਛਲੇ ਕਈ ਦਹਾਕਿਆਂ ਦੌਰਾਨ ਕਈ ਨਾਮੀ ਅਤੇ ਕਾਬਲ ਵਕੀਲਾਂ ਨੇ ਕੀਤੀ ਹੈ। ਇਸ ਦੇ ਬਾਵਜੂਦ ਬਾਰ ਨਾਲ ਸਬੰਧਤ ਕਈ ਅਜਿਹੇ ਕੰਮ ਵੀ ਰਹੇ, ਜੋ ਲੰਬੇ ਸਮੇਂ ਤੱਕ ਲਟਕਦੇ ਰਹੇ ਅਤੇ ਉਨ੍ਹਾਂ ਦਾ ਹੱਲ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਨੇ ਬਾਰ ਦੇ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਇਨ੍ਹਾਂ ਲੰਬੇ ਸਮੇਂ ਤੋਂ ਰੁਕੇ ਕੰਮਾਂ ਨੂੰ ਅਮਲੀ ਰੂਪ ਵਿੱਚ ਅੱਗੇ ਵਧਾਇਆ ਅਤੇ ਕਈ ਮਹੱਤਵਪੂਰਨ ਕੰਮ ਸਿਰੇ ਚੜ੍ਹਾਏ।
ਉਨ੍ਹਾਂ ਕਿਹਾ ਕਿ ਐਡਵੋਕੇਟ ਪਨੇਸਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਕਿਸੇ ਵੀ ਲੋੜਵੰਦ ਵਕੀਲ ਨੂੰ ਨਿਰਾਸ਼ ਨਹੀਂ ਕਰਦੇ। ਬਾਰ ਨਾਲ ਸਬੰਧਤ ਕੋਈ ਵੀ ਮਸਲਾ ਹੋਵੇ ਜਾਂ ਕਿਸੇ ਵਕੀਲ ਨੂੰ ਨਿੱਜੀ ਤੌਰ ’ਤੇ ਕਿਸੇ ਕੰਮ ਵਿੱਚ ਸਹਾਇਤਾ ਦੀ ਲੋੜ ਹੋਵੇ, ਉਹ ਹਮੇਸ਼ਾ ਅੱਗੇ ਵੱਧ ਕੇ ਮਦਦ ਕਰਨ ਲਈ ਤਿਆਰ ਰਹਿੰਦੇ ਹਨ।
ਉਨ੍ਹਾਂ ਨੇ ਸਮੇਂ ਦੀ ਪਰਵਾਹ ਕੀਤੇ ਬਿਨਾਂ ਵਕੀਲ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾ ਡਟ ਕੇ ਆਵਾਜ਼ ਬੁਲੰਦ ਕੀਤੀ ਹੈ।
ਐਡਵੋਕੇਟ ਮੰਗਤ ਰਾਮ ਸਿੱਲੀ ਨੇ ਕਿਹਾ ਕਿ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਵੱਲੋਂ ਕਰਵਾਏ ਗਏ ਕੰਮਾਂ ਦੀ ਲੰਬੀ ਸੂਚੀ ਗਿਣਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਬਾਰ ਦਾ ਹਰ ਮੈਂਬਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਵਕੀਲ ਭਲਾਈ ਲਈ ਕੀਤੇ ਉਪਰਾਲਿਆਂ ਤੋਂ ਭਲੀ-ਭਾਂਤ ਜਾਣੂ ਹੈ।
ਉਨ੍ਹਾਂ ਕਿਹਾ ਕਿ ਪਨੇਸਰ ਨੇ ਸਿਰਫ਼ ਵਾਅਦੇ ਕਰਨ ਦੀ ਬਜਾਏ ਕੰਮ ਕਰਕੇ ਦਿਖਾਉਣ ਦੀ ਪਹੁੰਚ ਅਪਣਾਈ ਹੈ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਰਾ ਇਕਜੁੱਟ ਹੋ ਕੇ ਐਡਵੋਕੇਟ ਸਰਦਾਰ ਗੁਰਪ੍ਰੀਤ ਸਿੰਘ ਪਨੇਸਰ ਦੇ ਹੱਕ ਵਿੱਚ ਆਪਣਾ ਸਮਰਥਨ ਪ੍ਰਗਟਾਉਣ।
ਉਨ੍ਹਾਂ ਸਮੂਹ ਵਕੀਲਾਂ ਨੂੰ ਅਪੀਲ ਕੀਤੀ ਕਿ ਪਨੇਸਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾ ਕੇ ਬਾਰ ਦੀ ਮਜ਼ਬੂਤ, ਸਰਗਰਮ ਅਤੇ ਪ੍ਰਭਾਵਸ਼ਾਲੀ ਅਗਵਾਈ ਲਈ ਮੁੜ ਮੌਕਾ ਦਿੱਤਾ ਜਾਵੇ।
















