ਗੰਦਗੀ ਕਾਰਨ ਆਪਣਾ ਘਰ ਛੱਡ ਕੇ ਦੂਜਿਆਂ ਦੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ ਸਥਾਨਕ ਲੋਕ
ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਅਧਿਕਾਰੀਆਂ ਨੂੰ ਲਗਾਈ ਫਟਕਾਰ

ਅੰਮ੍ਰਿਤਸਰ, 7 ਸਤੰਬਰ (ਕੇ.ਐੱਲ. ਜੀਤ ਵਾਲੀਆ):
ਬਟਾਲਾ ਰੋਡ ਸਥਿਤ ਇੱਕ ਨਿੱਜੀ ਹਸਪਤਾਲ ’ਤੇ ਪਾਵਰਕਾਮ ਦੀ ਮਿਹਰਬਾਨੀ ਕਾਰਨ ਸਥਾਨਕ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪਿਲਰ ਨੰਬਰ 46 ਦੇ ਸਾਹਮਣੇ ਸਥਿਤ ਕ੍ਰਿਪਾਲ ਕਾਲੋਨੀ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਾਮ ਅਤੇ ਗੰਦਗੀ ਦੇ ਆਲਮ ਵਿੱਚ ਰਹਿਣ ਲਈ ਮਜਬੂਰ ਹਨ।
ਸਥਾਨਕ ਵਸਨੀਕਾਂ ਨੇ ਸ਼ਹਿਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨਾਲ ਮੁਲਾਕਾਤ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ’ਤੇ ਪ੍ਰਿਯੰਕਾ ਸ਼ਰਮਾ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸੀਵਰੇਜ ਜਾਮ ਦੀ ਸਮੱਸਿਆ ਦੀ ਗੰਭੀਰਤਾ ਨਾਲ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ ਬਟਾਲਾ ਰੋਡ ’ਤੇ ਪਿਲਰ ਨੰਬਰ 46 ਦੇ ਸਾਹਮਣੇ ਇੱਕ ਨਿੱਜੀ ਹਸਪਤਾਲ ਬਣਿਆ ਹੋਇਆ ਹੈ। ਹਸਪਤਾਲ ਦੀ ਇਮਾਰਤ ਨੂੰ ਬਿਜਲੀ ਸਪਲਾਈ ਦੇਣ ਲਈ ਫੁੱਟਪਾਥ ’ਤੇ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਸੀ।

ਸਥਾਨਕ ਲੋਕਾਂ ਅਨੁਸਾਰ, ਬਿਜਲੀ ਵਿਭਾਗ ਵੱਲੋਂ ਟਰਾਂਸਫਾਰਮਰ ਲਗਾਉਣ ਸਮੇਂ ਹਸਪਤਾਲ ਨਾਲ ਲੱਗਦੀ ਗਲੀ ਦੇ ਘਰਾਂ ਦੀ ਸੀਵਰੇਜ ਪਾਈਪ ਤੋੜ ਦਿੱਤੀ ਗਈ, ਜਿਸ ਕਾਰਨ ਸੀਵਰੇਜ ਜਾਮ ਹੋਣ ਅਤੇ ਗੰਦਗੀ ਦੀ ਸਮੱਸਿਆ ਪੈਦਾ ਹੋ ਗਈ।
ਪ੍ਰਿਯੰਕਾ ਸ਼ਰਮਾ ਨੇ ਸਮੱਸਿਆ ਦੇ ਹੱਲ ਲਈ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਟਰਾਂਸਫਾਰਮਰ ਨੂੰ ਸ਼ਿਫਟ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਦੇ ਪ੍ਰਬੰਧਕਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਸਹੀ ਢੰਗ ਨਾਲ ਲੈਣ, ਕਾਲੋਨੀ ਦੀ ਗਲੀ ਵਿੱਚ ਬੰਦ ਹੋਏ ਚੈਂਬਰਾਂ ਨੂੰ ਠੀਕ ਕਰਵਾਉਣ ਸਮੇਤ ਹੋਰ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਕਿਹਾ ਕਿ ਨਿੱਜੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਨੂੰ ਬਿਜਲੀ ਸਪਲਾਈ ਦੇਣ ਲਈ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਤੋੜੀ ਗਈ ਸੀਵਰੇਜ ਪਾਈਪ ਦੀ ਮੁਰੰਮਤ ਮੌਕੇ ’ਤੇ ਹੀ ਸ਼ੁਰੂ ਕਰਵਾਈ ਜਾਵੇਗੀ। ਟਰਾਂਸਫਾਰਮਰ ਨੂੰ ਸ਼ਿਫਟ ਕਰਨ ਲਈ ਕਰਮਚਾਰੀ ਵੀ ਕੰਮ ’ਤੇ ਲੱਗ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕ੍ਰਿਪਾਲ ਕਾਲੋਨੀ ਵਾਸੀਆਂ ਦੀ ਹਰ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।
ਬਾਕਸ
ਬਿਮਾਰੀ ਤੋਂ ਬਚਣ ਲਈ ਘਰ ਛੱਡਣੇ ਪਏ
ਸਥਾਨਕ ਵਸਨੀਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਕਾਰਨ ਕਾਲੋਨੀ ਦੇ ਕਈ ਵਸਨੀਕ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਮਜਬੂਰ ਹੋ ਗਏ ਹਨ। ਗੰਦਗੀ ਅਤੇ ਦੂਸ਼ਿਤ ਪਾਣੀ ਕਾਰਨ ਗਲੀ ਵਿੱਚ ਬੱਚੇ ਜ਼ਖ਼ਮੀ ਹੋਣ ਦੇ ਨਾਲ-ਨਾਲ ਬਿਮਾਰ ਵੀ ਹੋ ਰਹੇ ਹਨ।
ਬਾਕਸ
ਜਲਦ ਹੋਵੇਗਾ ਸਮੱਸਿਆ ਦਾ ਹੱਲ: ਪ੍ਰਿਯੰਕਾ ਸ਼ਰਮਾ
ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲੈਣ ਅਤੇ ਅਧਿਕਾਰੀਆਂ ਤੇ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਕਿ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
















