ਅੰਮ੍ਰਿਤਸਰ, 5 ਸਤੰਬਰ (ਕੇ. ਐੱਲ. ਜੀਤ ਵਾਲੀਆ)-
ਅੰਮ੍ਰਿਤਸਰ: ਰੰਗਰੇਟੇ ਗੁਰੂ ਕੇ ਬੇਟੇ ਧੰਨ-ਧੰਨ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੋਭਾ ਯਾਤਰਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ।
ਇਹ ਸੋਭਾ ਯਾਤਰਾ ਤਰਨਾ ਦਲ ਦੇ ਮੁਖੀ ਅਤੇ ਵਾਲਮੀਕੀ ਮਜ਼ਹਬੀ ਸਿੱਖ ਕੌਮ ਦੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ, ਐਸ.ਪੀ. ਸ.ਜਸਕਰਨ ਸਿੰਘ ਜੀ ਅਤੇ ਕੌਮ ਦੀਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਰਵਾਨਾ ਕੀਤੀ ਗਈ।
ਸੋਭਾ ਯਾਤਰਾ ਦੌਰਾਨ ਸੰਗਤਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ, ਸਿੱਖ ਪੰਥ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਮਹਾਨ ਸੇਵਾ ਨੂੰ ਯਾਦ ਕਰਦਿਆਂ ਸ਼ਰਧਾ ਭਾਵਨਾ ਪ੍ਰਗਟ ਕੀਤੀ ਗਈ। ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਬਾਬਾ ਜੀਵਨ ਸਿੰਘ ਜੀ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ।
ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰਿਆ, ਸ. ਜਗਤਾਰ ਸਿੰਘ ਬੋਕਸਰ, ਪ੍ਰਧਾਨ ਰਿਕੂ ਜੀ.ਐਮ., ਵਾਈਸ ਪ੍ਰਧਾਨ ਰਵੀ ਚੌਹਾਨ, ਸ.ਗੁਰਦਿਆਲ ਸਿੰਘ ਬੱਗਾ ਬੋਕਸਰ, ਉੱਘੇ ਸਮਾਜ ਸੇਵਕ ਪਰਮਿੰਦਰ ਸਿੰਘ ਤੁੰਗ, ਮਹਿੰਦਰ ਕੌਰ ਰਾਣੀ, ਪ੍ਰਧਾਨ ਰੋਹਿਤ ਅਨਾਰਿਆ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ, ਨਿਡਰਤਾ ਅਤੇ ਗੁਰੂ ਘਰ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਇਤਿਹਾਸਕ ਸਮਾਗਮ ਸੰਗਤ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਭਾਈਚਾਰਕ ਏਕਤਾ ਅਤੇ ਮਨੁੱਖੀ ਸਾਂਝ ਦਾ ਸੰਦੇਸ਼ ਵੀ ਦਿੰਦੇ ਹਨ।
















