ਕੂੜਾ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਕੂੜੇਦਾਨ ਵਿੱਚ ਪਾਇਆ ਜਾਵੇ-ਐਡਵੋਕੇਟ ਹਰਪਾਲ ਨਿੱਜਰ
ਅੰਮ੍ਰਿਤਸਰ, 3 ਸਤੰਬਰ (ਕੇ. ਐੱਲ. ਜੀਤ ਵਾਲੀਆ)-
ਹਲਕਾ ਅੰਮ੍ਰਿਤਸਰ ਪੂਰਬੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਦੇ ਮਕਸਦ ਨਾਲ ਹਲਕਾ ਪੂਰਬੀ ਦੀ ਵਿਧਾਇਕਾ ਮੈਡਮ ਜੀਵਨਜੋਤ ਕੌਰ ਦੀ ਅਗਵਾਈ ਹੇਠ ਵੇਰਕਾ ਵਿਖੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸਫ਼ਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਹਲਕਾ ਅੰਮ੍ਰਿਤਸਰ ਪੂਰਬੀ ਨੂੰ ਸਫ਼ਾਈ ਦੇ ਖੇਤਰ ਵਿੱਚ ਮੋਹਰੀ ਬਣਾਉਣਾ ਅਤੇ ਲੋਕਾਂ ਨੂੰ ਸ਼ੁੱਧ ਹਵਾ ਤੇ ਸਾਫ਼ ਪਾਣੀ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਸਿਰਫ਼ ਸਰਕਾਰ ਜਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਕੂੜੇਦਾਨ ਵਿੱਚ ਪਾਇਆ ਜਾਵੇ, ਪਲਾਸਟਿਕ ਦੀ ਵਰਤੋਂ ਘਟਾ ਕੇ ਕੱਪੜੇ ਦੇ ਥੈਲਿਆਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਆਪਣੇ ਘਰ ਦੇ ਨਾਲ-ਨਾਲ ਗਲੀ, ਮੁਹੱਲੇ ਅਤੇ ਜਨਤਕ ਥਾਵਾਂ ਨੂੰ ਵੀ ਸਾਫ਼ ਰੱਖਿਆ ਜਾਵੇ।
ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਨਿੱਜਰ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੇਰਕਾ ਨੇ ਕਿਹਾ ਕਿ ਹਰ ਨਾਗਰਿਕ ਦਾ ਛੋਟਾ ਜਿਹਾ ਸਹਿਯੋਗ ਵੀ ਸਾਡੇ ਸ਼ਹਿਰ ਨੂੰ ਹੋਰ ਰੰਗਲਾ, ਸੁੰਦਰ ਅਤੇ ਨਿਵੇਕਲਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸਫ਼ਾਈ ਨੂੰ ਰੋਜ਼ਾਨਾ ਦੀ ਆਦਤ ਬਣਾਉਣ ਨਾਲ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾ ਸਕਦੇ ਹਾਂ।
ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਨਿੱਜਰ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੇਰਕਾ, ਕੌਂਸਲਰ ਨਵਜੀਤ ਕੌਰ, ਮਨਪ੍ਰੀਤ ਸਿੰਘ ਮੰਨਾ, ਵਿਜੇ ਗਿੱਲ ਚੀਫ਼ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਅੰਮ੍ਰਿਤਸਰ, ਰਾਣਾ ਵੇਰਕਾ ਅਤੇ ਧਰਮਪਾਲ ਸਿੰਘ ਖਾਲਸਾ, ਕੋਆਰਡੀਨੇਟਰ ਕਿਸਾਨ ਵਿੰਗ ਹਲਕਾ ਪੂਰਬੀ ਅੰਮ੍ਰਿਤਸਰ ਸਮੇਤ ਹੋਰ ਪਤਵੰਤੇ ਅਤੇ ਵਰਕਰ ਹਾਜ਼ਰ ਸਨ।
















