ਅੰਮ੍ਰਿਤਸਰ, 9 ਮਈ (ਕੇ.ਐਲ. ਜੀਤ ਵਾਲੀਆ) – ਸੇਵਾ ਮੁੱਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ. ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਪ੍ਰਧਾਨ ਸ. ਨਿਰਮਲਜੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ‘ਤੇ ਗੰਭੀਰ ਚਿੰਤਾ ਪ੍ਰਗਟਾਈ ਗਈ। ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਜ਼ਿਲ੍ਹਾ ਮਾਲ ਅਫ਼ਸਰ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਇਹ ਮੰਗਾਂ ਲਿਆਂਦੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਕੁਲਵੰਤ ਡੇਹਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੇਵਾ ਮੁੱਕਤ ਕਰਮਚਾਰੀਆਂ ਨੇ ਆਪਣੀ ਪੂਰੀ ਜ਼ਿੰਦਗੀ ਮਾਲ ਵਿਭਾਗ ਦੀ ਸੇਵਾ ਵਿੱਚ ਬਿਤਾਈ ਹੈ, ਪਰ ਹੁਣ ਉਹੀ ਸਾਥੀ ਆਪਣੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ, ਜਿਸ ਨੂੰ ਜੱਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੇਵਾ ਮੁੱਕਤ ਕਰਮਚਾਰੀਆਂ ਨੂੰ ਉਮਰ ਦੇ ਇਸ ਆਖਰੀ ਪੜਾਅ ‘ਚ ਖੱਜਲ-ਖੁਆਰ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਮਾਲ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਜੱਥੇਬੰਦੀ ਵੱਲੋਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਮੀਟਿੰਗ ਵਿੱਚ ਮੇਜਰ ਸਿੰਘ ਭੋਮਾ, ਤਰਸੇਮ ਸਿੰਘ ਫੱਤੂਭੀਲਾ, ਸੁਖਵਿੰਦਰ ਸਿੰਘ ਸਾਬੀ, ਹਰਮਿੰਦਰ ਸਿੰਘ, ਪਲਵਿੰਦਰ ਸਿੰਘ, ਥੰਮਣ ਸਿੰਘ, ਹਰਦੇਵ ਸਿੰਘ ਭੋਮਾ, ਬਲਦੇਵ ਸਿੰਘ ਬੱਬਰ, ਜਸਬੀਰ ਸਿੰਘ ਬੱਲ, ਰਵਿੰਦਰ ਕੁਮਾਰ ਰਵੀ, ਰਜਿੰਦਰ ਕੁਮਾਰ, ਰਮੇਸ਼ ਪਾਲ ਸਿੰਘ, ਜਗਜੀਤ ਸਿੰਘ, ਸੁਸ਼ੀਲ ਹਾਂਡਾ, ਵਿਨੋਦ ਕੁਮਾਰ, ਜੋਗਿੰਦਰ ਪਾਂਡੇ, ਡਾ. ਤਜਿੰਦਰ ਸਿੰਘ, ਹਰੀਸ਼ ਕੁਮਾਰ, ਹਰਭਜਨ ਸਿੰਘ ਅਤੇ ਕੇਵਲ ਕ੍ਰਿਸ਼ਨ ਸਮੇਤ ਹੋਰ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
















