ਅੰਮ੍ਰਿਤਸਰ, 8 ਮਈ (ਕੇ.ਐਲ. ਜੀਤ ਵਾਲੀਆ) – ਅੱਜ ਪੰਜਾਬ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਝਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਸਾਇਟੀ ਦੇ ਮੈਡੀਕਲ ਸਲਾਹਕਾਰ ਡਾ. ਚੰਦਰੇਸ਼ ਲਖੇਰਾ ਨੇ ਕਿਹਾ ਕਿ ਇਸ ਵਾਰ ਗਰਮੀਆਂ ਦੇ ਮੌਸਮ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਪਹਿਲਾਂ ਨਾਲੋਂ ਵੱਧ ਗਰਮੀ ਅਤੇ ਲੂਆਂ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ, ਲੂ ਲੱਗਣਾ, ਪੇਟ ਦੀਆਂ ਬਿਮਾਰੀਆਂ, ਦਸਤ ਅਤੇ ਬੱਚਿਆਂ ਦੀਆਂ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗਰਮੀ ਦੇ ਮੌਸਮ ਵਿੱਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਬਾਹਰ ਨਿਕਲਦਿਆਂ ਸਾਵਧਾਨੀਆਂ ਅਪਣਾਉਣ।
ਡਾ. ਲਖੇਰਾ ਨੇ ਲੋਕਾਂ ਨੂੰ ਆਪਣੇ ਆਪ ਦਵਾਈਆਂ ਦੀ ਗਲਤ ਵਰਤੋਂ ਕਰਨ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਬਿਮਾਰੀ ਸਬੰਧੀ ਉਹਨਾਂ ਕੋਲੋਂ ਮੁਫ਼ਤ ਡਾਕਟਰੀ ਸਲਾਹ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਅੱਖਾਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਮੁਫ਼ਤ ਅੱਖਾਂ ਦੀ ਦਵਾਈ ਵੀ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕ ਡਾ. ਚੰਦਰੇਸ਼ ਲਖੇਰਾ ਨੂੰ ਪੁਤਲੀਘਰ ਅਤੇ ਪਲਾਹ ਸਾਹਿਬ ਰੋਡ ਸਥਿਤ ਕਲੀਨਿਕ ਵਿਖੇ ਮਿਲ ਸਕਦੇ ਹਨ ਜਾਂ ਮਾਝਾ ਵੈਲਫੇਅਰ ਸੋਸਾਇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ।
















