ਅੰਮ੍ਰਿਤਸਰ, 4 ਅਗਸਤ (ਸੰਦੀਪ ਸਿੰਘ ਰਾਜੂ): ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਦਰ ਬਣੀ ਸਕੂਟਰ ਪਾਰਕਿੰਗ ਵਿੱਚ ਬਾਰਿਸ਼ ਤੋਂ ਬਾਅਦ ਖੜ੍ਹੇ ਗੰਦੇ ਪਾਣੀ ਨੇ ਯਾਤਰੀਆਂ ਅਤੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕ ਆਪਣੇ ਦੋਪਹੀਆ ਵਾਹਨ ਤਾਂ ਪਾਰਕਿੰਗ ਵਿੱਚ ਖੜ੍ਹੇ ਕਰ ਦਿੰਦੇ ਹਨ, ਪਰ ਵਾਪਸ ਲੈਣ ਸਮੇਂ ਉਨ੍ਹਾਂ ਨੂੰ ਗੰਦੇ ਅਤੇ ਬਦਬੂਦਾਰ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰੇਸ਼ਾਨ ਯਾਤਰੀਆਂ ਦਾ ਕਹਿਣਾ ਹੈ ਕਿ ਪਾਰਕਿੰਗ ਲਈ ਪੂਰੀ ਫੀਸ ਵਸੂਲੀ ਜਾਂਦੀ ਹੈ, ਪਰ ਮੁੱਢਲੀਆਂ ਸਹੂਲਤਾਂ ਅਤੇ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਇਸ ਸਬੰਧੀ ਪ੍ਰਾਈਵੇਟ ਪਾਰਕਿੰਗ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਮਾਮਲੇ ਲਈ ਰੇਲਵੇ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਾਈਵੇਟ ਪਾਰਕਿੰਗ ਦੇ ਕਰਮਚਾਰੀਆਂ ਦਾ ਰਵੱਈਆ ਵੀ ਠੀਕ ਨਹੀਂ ਹੈ ਅਤੇ ਯਾਤਰੀਆਂ ਨਾਲ ਸਹਿਯੋਗ ਦੀ ਬਜਾਏ ਰੁੱਖਾ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕਿੰਗ ਵਿੱਚ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਅਤੇ ਪ੍ਰਾਈਵੇਟ ਪਾਰਕਿੰਗ ਠੇਕੇਦਾਰ ਦੀ ਕਾਰਗੁਜ਼ਾਰੀ ਦੀ ਜਾਂਚ ਕਰਕੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
















