ਅੰਮ੍ਰਿਤਸਰ, 3 ਅਗਸਤ(ਕੇ.ਐਲ. ਜੀਤ ਵਾਲੀਆ)-ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਡਾ. ਜੀਵਨਜੋਤ ਕੌਰ ਵੱਲੋਂ ਆਪਣੇ ਹਲਕੇ ਦੀਆਂ ਧੀਆਂ ਅਤੇ ਭੈਣਾਂ ਨਾਲ ਮਿਲ ਕੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ‘ਤੀਆਂ ਦੇ ਤਿਉਹਾਰ’ ਨੂੰ ਪੂਰੇ ਉਤਸ਼ਾਹ, ਰੌਣਕ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਲੋਕ-ਸੱਭਿਆਚਾਰ ਦੀਆਂ ਝਲਕੀਆਂ ਦੇ ਨਾਲ ਖੁਸ਼ੀ ਅਤੇ ਆਪਸੀ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਮਹਿਲਾਵਾਂ ਨੇ ਗਿੱਧਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਤੀਆਂ ਦੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ। ਵਿਧਾਇਕਾ ਡਾ. ਜੀਵਨਜੋਤ ਕੌਰ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਭੈਣਾਂ ਨੂੰ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਤੋਹਫ਼ੇ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਜੀਵਨਜੋਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਾਡੀਆਂ ਰਵਾਇਤਾਂ ਦਾ ਅਨਮੋਲ ਹਿੱਸਾ ਹੈ। ਇਹ ਤਿਉਹਾਰ ਧੀਆਂ-ਭੈਣਾਂ ਨੂੰ ਆਪਸੀ ਪਿਆਰ, ਸਾਂਝ ਅਤੇ ਏਕਤਾ ਦੇ ਮਜ਼ਬੂਤ ਰਿਸ਼ਤੇ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਇਸ ਨੂੰ ਯਾਦਗਾਰ ਬਣਾਉਣ ਲਈ ਸਾਰੀਆਂ ਧੀਆਂ-ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਸਸ਼ਕਤ ਮਾਧਿਅਮ ਹਨ। ਉਨ੍ਹਾਂ ਨੂੰ ਮਿਲੇ ਪਿਆਰ ਅਤੇ ਸਤਿਕਾਰ ਲਈ ਵੀ ਉਨ੍ਹਾਂ ਹਲਕਾ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
















