ਸੈਂਟਰਾਂ ਦੀ ਗਿਣਤੀ ਘਟਣ ਨਾਲ ਵਧੀ ਭੀੜ, ਦਲਾਲਾਂ ਦੀ ਸਰਗਰਮੀ ਦੇ ਦੋਸ਼, ਸੀਨੀਅਰ ਸਿਟੀਜ਼ਨ ਅਤੇ ਮਹਿਲਾਵਾਂ ਲਈ ਵੱਖਰੀ ਸਹੂਲਤ ਦਾ ਅਭਾਵ-
ਅੰਮ੍ਰਿਤਸਰ, 4 ਅਗਸਤ (ਫੁੱਲਜੀਤ ਸਿੰਘ ਵਰਪਾਲ )-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਇੱਕੋ ਥਾਂ ‘ਤੇ ਮੁਹੱਈਆ ਕਰਵਾਉਣ ਲਈ ਸੂਬੇ ਭਰ ਵਿੱਚ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਰਾਹੀਂ ਜਨਮ-ਮੌਤ ਸਰਟੀਫਿਕੇਟ, ਆਧਾਰ ਕਾਰਡ, ਬਰਥ ਸਰਟੀਫਿਕੇਟ, ਵਾਹਨਾਂ ਨਾਲ ਸੰਬੰਧਿਤ ਦਸਤਾਵੇਜ਼ਾਂ ਸਮੇਤ ਲਗਭਗ 456 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਦਸਤਾਵੇਜ਼ ਬੈਂਕ ਖਾਤਾ ਖੋਲ੍ਹਣ, ਬੱਚਿਆਂ ਦਾ ਸਕੂਲ ਵਿੱਚ ਦਾਖਲਾ, ਮੈਡੀਕਲ ਇਨਸ਼ੋਰੈਂਸ ਅਤੇ ਹੋਰ ਕਈ ਸਰਕਾਰੀ ਤੇ ਨਿੱਜੀ ਕੰਮਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਪਰ ਅੰਮ੍ਰਿਤਸਰ ਦੇ ਸੇਵਾ ਕੇਂਦਰਾਂ ਦੀ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਸੇਵਾ ਕੇਂਦਰ ਸਵੇਰੇ ਕਰੀਬ 9 ਵਜੇ ਖੁੱਲ੍ਹਦੇ ਹਨ, ਪਰ ਟੋਕਨ ਹਾਸਲ ਕਰਨ ਲਈ ਲੋਕਾਂ ਨੂੰ ਸਵੇਰੇ 5 ਵਜੇ ਤੋਂ ਹੀ ਕੇਂਦਰਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ। ਦਫ਼ਤਰ ਖੁੱਲ੍ਹਣ ਤੋਂ ਬਾਅਦ ਵੀ ਲੰਬੇ ਇੰਤਜ਼ਾਰ ਅਤੇ ਧੱਕੇਸ਼ਾਹੀ ਤੋਂ ਬਾਅਦ ਹੀ ਟੋਕਨ ਮਿਲਦਾ ਹੈ, ਜਦਕਿ ਹਰ ਰੋਜ਼ ਕਈ ਲੋੜਵੰਦ ਨਾਗਰਿਕ ਟੋਕਨ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ।
ਸਾਡੀ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਦੌਰਾਨ ਕਰੀਬ 43 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਟੋਕਨ ਲਈ ਬਾਹਰ ਖੜ੍ਹੇ ਮਿਲੇ। ਇਸ ਦੌਰਾਨ ਲਗਭਗ 15 ਤੋਂ 20 ਲੋਕਾਂ ਨੂੰ ਟੋਕਨ ਨਾ ਮਿਲਣ ਕਾਰਨ ਖਾਲੀ ਹੱਥ ਘਰ ਵਾਪਸ ਜਾਣਾ ਪਿਆ।
ਸੇਵਾ ਕੇਂਦਰ ਦੇ ਅੰਦਰ ਵੀ ਹਾਲਾਤ ਸੰਤੋਸ਼ਜਨਕ ਨਹੀਂ ਮਿਲੇ। ਗਰਮੀ ਅਤੇ ਹੁੰਮਸ ਦੇ ਬਾਵਜੂਦ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਵਿੱਚ ਲੰਬੇ ਸਮੇਂ ਤੱਕ ਬੈਠਣਾ ਜਾਂ ਲਾਈਨਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਹੈ। ਮੌਕੇ ‘ਤੇ ਸੀਨੀਅਰ ਸਿਟੀਜ਼ਨ ਅਤੇ ਮਹਿਲਾਵਾਂ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਦਿੱਸਿਆ। ਇਸ ਤੋਂ ਇਲਾਵਾ ਕਈ ਏਅਰ ਕੰਡੀਸ਼ਨਰ ਵੀ ਬੰਦ ਹਾਲਤ ਵਿੱਚ ਮਿਲੇ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸਟਾਫ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਕੁਝ ਲੋਕਾਂ ਨੇ ਇਹ ਵੀ ਦੋਸ਼ ਲਗਾਏ ਕਿ ਸੇਵਾ ਕੇਂਦਰਾਂ ਦੇ ਬਾਹਰ ਸਰਗਰਮ ਦਲਾਲ ਆਮ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ। ਦੋਸ਼ਾਂ ਅਨੁਸਾਰ 50 ਰੁਪਏ ਵਾਲੇ ਕੰਮ ਲਈ 150 ਤੋਂ 200 ਰੁਪਏ ਤੱਕ ਵਸੂਲੇ ਜਾਂਦੇ ਹਨ ਅਤੇ ਅਪਾਇੰਟਮੈਂਟ ਲੈ ਕੇ ਉਨ੍ਹਾਂ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਂਦਾ ਹੈ। ਕੁਝ ਲੋਕਾਂ ਨੇ ਸੇਵਾ ਕੇਂਦਰ ਦੇ ਕੁਝ ਕਰਮਚਾਰੀਆਂ ਅਤੇ ਦਲਾਲਾਂ ਦੀ ਮਿਲੀਭੁਗਤ ਦੇ ਵੀ ਦੋਸ਼ ਲਗਾਏ ਹਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ।
ਇਸ ਸਬੰਧੀ ਜਦੋਂ ਸੇਵਾ ਕੇਂਦਰ ਦੇ ਇੰਚਾਰਜ ਬਹਾਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸੇਵਾਵਾਂ ਆਨਲਾਈਨ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰੀਬ 145 ਸੇਵਾ ਕੇਂਦਰ ਕਾਰਜਸ਼ੀਲ ਸਨ, ਪਰ ਮੌਜੂਦਾ ਸਮੇਂ ਇਹ ਗਿਣਤੀ ਘਟ ਕੇ ਕਰੀਬ 41 ਰਹਿ ਗਈ ਹੈ, ਜਿਸ ਕਾਰਨ ਕੇਂਦਰਾਂ ‘ਤੇ ਭੀੜ ਵਧ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਆਉਣ ਵਾਲੇ ਸਮੇਂ ਵਿੱਚ ਆਨਲਾਈਨ ਅਪਾਇੰਟਮੈਂਟ ਅਤੇ ਡਿਜ਼ੀਟਲ ਸੇਵਾਵਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਲੋਕਾਂ ਨੂੰ ਗਰਮੀ ਜਾਂ ਹੋਰ ਕਿਸੇ ਕਾਰਨ ਬੇਵਜ੍ਹਾ ਖੱਜਲ-ਖੁਆਰ ਨਾ ਹੋਣਾ ਪਵੇ।
















