ਲੁਧਿਆਣਾ, 6 ਮਈ(ਕੇ.ਐਲ.ਜੀਤ ਵਾਲੀਆ)-ਸਮਾਜ ਸੇਵਾ ਅਤੇ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਨਿਰੰਤਰ ਸੇਵਾ ਨਿਭਾ ਰਹੀ ਜਨ ਕੀ ਅਰਦਾਸ ਸੇਵਾ ਸੋਸਾਇਟੀ ਦੀ ਸੰਸਥਾਪਕ ਬੀਬੀ ਸੁਰਿੰਦਰ ਕੌਰ ਖਾਲਸਾ ਅਤੇ ਜਨਰਲ ਸਕੱਤਰ ਪ੍ਰਭਜੋਤ ਸਿੰਘ ਜੱਸਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕੀਰਤਨ ਸਮਾਗਮ ਦਾ ਆਯੋਜਨ ਅੱਜ 7 ਮਈ 2026, ਵੀਰਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਈ ਬਲਾਕ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਸ਼ਾਮ 7:45 ਵਜੇ ਤੋਂ ਰਾਤ 10:00 ਵਜੇ ਤੱਕ ਚੱਲੇਗਾ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰਬਾਣੀ ਕੀਰਤਨ, ਸਿਮਰਨ ਅਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਪ੍ਰਸਿੱਧ ਰਾਗੀ ਭਾਈ ਜਗਜੀਤ ਸਿੰਘ ਜੀ ਬਾਬ੍ਹਿਆ (ਦਿੱਲੀ ਵਾਲੇ) ਅਤੇ ਬੀਬੀ ਜਸਪ੍ਰੀਤ ਕੌਰ ਜੀ (ਲੁਧਿਆਣਾ ਵਾਲੇ) ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਵਾਹਿਗੁਰੂ ਜਾਪ ਸਿਮਰਨ ਨਾਲ ਹੋਵੇਗੀ।
ਬੀਬੀ ਸੁਰਿੰਦਰ ਕੌਰ ਖਾਲਸਾ ਅਤੇ ਜਨਰਲ ਸਕੱਤਰ ਪ੍ਰਭਜੋਤ ਸਿੰਘ ਜੱਸਲ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ, ਪਿਆਰ, ਦਇਆ ਅਤੇ ਨਿਸ਼ਕਾਮ ਭਾਵਨਾ ਨਾਲ ਸਮਾਜ ਨੂੰ ਜੋੜਨਾ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਜਨ ਕੀ ਅਰਦਾਸ ਸੇਵਾ ਸੋਸਾਇਟੀ ਵੱਲੋਂ ਸਮੇਂ-ਸਮੇਂ ਤੇ ਲੋੜਵੰਦਾਂ ਦੀ ਮਦਦ, ਸਿੱਖਿਆ ਸਹਾਇਤਾ, ਮੈਡੀਕਲ ਸਹਾਇਤਾ ਅਤੇ ਲੰਗਰ ਸੇਵਾ ਵਰਗੇ ਮਨੁੱਖਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ।
















