ਅੰਮ੍ਰਿਤਸਰ, 23 ਜੁਲਾਈ (ਉੱਪਲ): ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਮੰਡਲ ਨੇ ਪੇਰਿਸ਼ੇਬਲ ਫਲਾਂ ਦੀ ਰੇਲ ਰਾਹੀਂ ਢੁਆਈ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। 18 ਤੋਂ 22 ਜੁਲਾਈ 2026 ਦੌਰਾਨ ਟਰੇਨ ਨੰਬਰ 13006 ਹਾਵੜਾ ਮੇਲ ਰਾਹੀਂ ਲੁਧਿਆਣਾ ਤੋਂ ਹਾਵੜਾ ਲਈ 293 ਡੱਬਿਆਂ ਵਿੱਚ ਕੁੱਲ 8.73 ਟਨ ਅੰਬ ਭੇਜੇ ਗਏ।
ਰੇਲ ਰਾਹੀਂ ਅੰਬਾਂ ਦੀ ਤੇਜ਼, ਸੁਰੱਖਿਅਤ ਅਤੇ ਕਿਫਾਇਤੀ ਢੁਆਈ ਹੋਣ ਕਾਰਨ ਫਲਾਂ ਦੀ ਗੁਣਵੱਤਾ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ। ਇਸ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣੇ ਉਤਪਾਦ ਦੇਸ਼ ਦੇ ਵੱਖ-ਵੱਖ ਵੱਡੇ ਬਾਜ਼ਾਰਾਂ ਤੱਕ ਪਹੁੰਚਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ।
ਖਾਸ ਗੱਲ ਇਹ ਹੈ ਕਿ ਹੁਣ ਛੋਟੇ ਵਪਾਰੀ ਵੀ ਵੱਡੇ ਵਪਾਰੀਆਂ ਨਾਲ ਮਿਲ ਕੇ ਆਪਣੇ ਪੇਰਿਸ਼ੇਬਲ ਫਲਾਂ ਦੀਆਂ ਖੇਪਾਂ ਰੇਲ ਰਾਹੀਂ ਵੱਖ-ਵੱਖ ਸੂਬਿਆਂ ਦੇ ਬਾਜ਼ਾਰਾਂ ਤੱਕ ਭੇਜ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਵੱਡਾ ਬਾਜ਼ਾਰ ਮਿਲਣ ਦੇ ਨਾਲ-ਨਾਲ ਆਵਾਜਾਈ ਦੀ ਲਾਗਤ ਵਿੱਚ ਵੀ ਕਮੀ ਆ ਰਹੀ ਹੈ।
ਕਿਸਾਨਾਂ ਤੇ ਵਪਾਰੀਆਂ ਨੂੰ ਮਿਲ ਰਿਹਾ ਰੇਲ ਢੁਆਈ ਦਾ ਲਾਭ
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫ੍ਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਗਾਹਕਾਂ ਨੂੰ ਬਿਹਤਰ, ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੁਆਈ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਅਤੇ ਵਪਾਰੀਆਂ ਨਾਲ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਮਾਲ ਢੁਆਈ ਦੇ ਖੇਤਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੰਡਲ ਵੱਲੋਂ ਪੇਰਿਸ਼ੇਬਲ ਖੇਤੀਬਾੜੀ ਉਤਪਾਦਾਂ ਦੀ ਰੇਲ ਰਾਹੀਂ ਢੁਆਈ ਨੂੰ ਉਤਸ਼ਾਹਿਤ ਕਰਨ ਲਈ ਯਤਨ ਜਾਰੀ ਹਨ, ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣੇ ਉਤਪਾਦ ਦੇਸ਼ ਭਰ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਤੇਜ਼, ਸੁਰੱਖਿਅਤ ਅਤੇ ਕਿਫਾਇਤੀ ਆਵਾਜਾਈ ਦੀ ਸਹੂਲਤ ਮਿਲ ਸਕੇ।
















