ਅੰਮ੍ਰਿਤਸਰ (ਕੇ.ਐਲ.ਜੀਤ ਵਾਲੀਆ)- ਲਿਬਰਟੀ ਜਨਰਲ ਇੰਸ਼ੋਰੈਂਸ ਲਿਬਮਟਿਡ ਵਲੋਂ ‘ਸਰਵ ਵਿਦ ਲਿਬਰਟੀ’ ਅਭਿਆਨ ਤਹਿਤ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਰਣਜੀਤ ਐਵੀਨਿਊ ਦੇ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ। ਇਸ ਮੌਕੇ ਲਿਬਰਟੀ ਜਨਰਲ ਇੰਸ਼ੋਰੈਂਸ ਲਿਮਟਡ ਦੇ ਏਰੀਆ ਮੈਨੇਜਰ ਮਨੀਸ਼ ਚੱਢਾ, ਟੈਰੀਟਰੀ ਮੈਨੇਜਰ ਮਲਕੀਤ ਸਿੰਘ, ਕਲੇਮ ਮੈਨੇਜਰ ਹਰਸ਼ ਮਹਾਜਨ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਰਿਤਕ ਜੌਸਫ, ਸੂਰਜ ਕੁਮਾਰ, ਨਰੇਸ਼ ਕੁਮਾਰ, ਨਰੇਸ਼, ਦਾਨਿਸ਼ ਸ਼ਰਮਾ, ਸੋਰਭ ਮਹਾਜਨ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ। ਏਰੀਆ ਮੈਨੇਜਰ ਮਨੀਸ਼ ਚੱਢਾ ਨੇ ਕਿਹਾ ਕਿ ਆਕਸੀਜਨ ਦੇ ਘੱਟ ਰਹੇ ਲੈਵਲ ਕਾਰਨ ਬਹੁਤ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਦੇ ਦੌਰ ਵਿਚ ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਰੁੱਖਾਂ ਨੂੰ ਨਾ ਕੱਟਣ ਦੀ ਸਹੁੁੰ ਖਾਣੀ ਚਾਹੀਦੀ ਹੈ। ‘ਸਰਵ ਵਿਦ ਲਿਬਰਟੀ’ ਅਭਿਆਨ ਤਹਿਤ ਬੂਟੇ ਲਗਾਉਣਾ, ਖੂਨਦਾਨ ਕੈਂਪ ਲਗਾਉਣਾ, ਗਰਮੀ ਵਿਚ ਲੋੜਵੰਦਾਂ ਠੰਢੇ ਪਾਣੀ ਦੀਆਂ ਬੋਤਲਾਂ ਤੇ ਤੋਲੀਏ ਵੰਡਣਾ ਆਦਿ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਇਸ ਵਾਰ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰੁੱਖ ਤੇ ਮਨੁੱਖ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਤੇ ਗੂੜ੍ਹਾ ਹੈ। ਇਹ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤਕ ਉਸ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ। ਹਕੀਕਤ ਇਹ ਵੀ ਹੈ ਕਿ ਰੁੱਖਾਂ ਤੋਂ ਬਿਨਾਂ ਧਰਤੀ ‘ਤੇ ਇਨਸਾਨੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਦੇ ਮੌਸਮ ਵਿਚ ਵੱਧ ਰਹੀ ਤਪਸ਼ ਅਸਹਿਣਯੋਗ ਹੁੰਦੀ ਜਾ ਰਹੀ ਹੈ। ਏਰੀਆ ਮੈਨੇਜਰ ਮਨੀਸ਼ ਚੱਢਾ ਨੇ ਕਿਹਾ ਕਿ ਤੇਜ ਗਰਮੀ ਕਾਰਨ ਆਮ ਲੋਕਾਂ ਦਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਤੇ ਨਾ ਕਿਤੇ ਇਸ ਦਾ ਕਾਰਨ ਰੁੱਖਾਂ ਦੀ ਘਾਟ ਵੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨਾ ਹੁਣ ਸਮੇਂ ਦੀ ਵੱਡੀ ਮੰਗ ਵੀ ਹੈ। ਉਨ੍ਹਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿਚ ਰਹਿਣ ਲਈ ਜਾਗਰੂਕ ਕੀਤਾ ਜਾਵੇ ਅਤੇ ਆਪਣੇ ਘਰਾਂ ਪਾਰਕਾਂ ਵਿਚ ਹਰੇ ਭਰੇ ਫਲਦਾਰ ਬੂਟੇ ਲਗਾਓ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਆਕਸੀਜਨ ਦੀ ਵੀ ਘਾਟ ਨਾ ਆਵੇ।
















