ਕਿਹਾ-ਸਦੀਆਂ ਤੋਂ ਚੱਲੀਆਂ ਆ ਰਹੀਆਂ ਇਹ ਪ੍ਰੰਪਰਾਵਾਂ ਸਾਡੀ ਪਛਾਣ, ਵਿਰਾਸਤ ਅਤੇ ਅਧਿਆਤਮਿਕ ਜੀਵਨ ਦਾ ਅਟੁੱਟ ਹਿੱਸਾ
ਚੌਕ ਮਹਿਤਾ, 3 ਮਈ (ਤਰਸੇਮ ਸਿੰਘ ਰੰਧਾਵਾ)-ਦਮਦਮੀ ਟਕਸਾਲ ਮੁਖੀ ਤੇ ਪ੍ਰਧਾਨ ਸੰਤ ਸਮਾਜ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਜੂਨ ’84 ਦੇ ਤੀਸਰੇ ਘੱਲੂਘਾਰੇ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਸ਼ਹੀਦ ਹੋਏ ਸੁਰਬੀਰ ਯੋਧਿਆਂ, ਸਿੰਘਾਂ-ਸਿੰਘਣੀ ਤੇ ਭੁਚੰਗੀਆਂ ਦੀ ਪਵਿੱਤਰ ਯਾਦ ‘ਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ ਮਨਾਏ ਜਾ ਰਹੇ 42 ਵੇਂ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਮਹੀਨਾ ਭਰ ਵੱਖ-ਵੱਖ ਨਗਰਾਂ ‘ਚ ਸਜਾਏ ਜਾਣ ਵਾਲੇ ਸ਼ਬਦ-ਕੀਰਤਨ ਤੇ ਕਥਾ ਸਮਾਗਮਾਂ ਦੀਆਰੰਭਤਾ ਹੋ ਚੁੱਕੀ ਹੈ।
ਗੁਰਮਤਿ ਸਮਾਗਮ ਦੌਰਾਨ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਗੁਰ ਇਤਿਹਾਸ ਸਰਵਨ ਕਰਾਉਂਦੇ ਹੋਏ ਕੁਝ ਪੰਥ ਦੋਖੀਆਂ ਵੱਲੋਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ‘ਤੇ ਕਿੰਤੂ-ਪ੍ਰੰਤੂ ਕੀਤੇ ਜਾਣ ‘ਤੇ ਬੋਲਦਿਆਂ ਕਿਹਾ ਕਿ ਗੁਰੂ ਕਾਲ ਦੀਆਂ ਪ੍ਰੰਪਰਾਵਾਂ ਸਿਰਫ਼ ਰੀਤਾਂ-ਰਿਵਾਜ ਨਹੀਂ ਹਨ, ਬਲਕਿ ਇਹ ਸਾਨੂੰ ਇੱਕ ਅਨੁਸ਼ਾਸਨ ਵਿੱਚ ਬੰਨ੍ਹਦੀਆਂ ਹਨ।
ਇਹ ਪ੍ਰੰਪਰਾਵਾਂ ਸਦੀਆਂ ਤੋਂ ਸਿੱਖ ਪੰਥ ਦੀ ਇਕਜੁੱਟਤਾ ਦਾ ਪ੍ਰਤੀਕ ਰਹੀਆਂ ਹਨ। ਜਦੋਂ ਅਸੀਂ ਇਨ੍ਹਾਂ ‘ਤੇ ਬਿਨਾਂ ਵਜ੍ਹਾ ਕਿੰਤੂ-ਪ੍ਰੰਤੂ ਕਰਦੇ ਹਾਂ, ਤਾਂ ਇਸ ਨਾਲ ਕੌਮ ਦੀ ਅੰਦਰੂਨੀ ਸ਼ਕਤੀ ਅਤੇ ਭਰੋਸੇ ਨੂੰ ਠੇਸ ਪਹੁੰਚ ਸਕਦੀ ਹੈ।ਇਸਲਈ ਅਜਿਹੀ ਨਕਾਰਾਤਮਕ ਕਿੰਤੂ-ਪ੍ਰੰਤੂ ਦਾ ਮਕਸਦ ਸਿਰਫ਼ ਸ਼ਰਧਾ ਨੂੰ ਘਟਾਉਣਾ ਜਾਂ ਪਰੰਪਰਾਵਾਂ ਨੂੰ ਤੋੜਨਾ ਹੁੰਦਾ ਹੈ ਤੇ ਇਹ ਬਹੁਤ ਨੁਕਸਾਨਦੇਹ ਹੈ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਿੱਖੀ ਵਿੱਚ ਸਭ ਤੋਂ ਵੱਡੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜਿਹੜੀਆਂ ਪ੍ਰੰਪਰਾਵਾਂ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਕੂਲ ਹਨ, ਉਹਨਾਂ ਨੂੰ ਸੰਭਾਲਣਾ ਹਰ ਸਿੱਖ ਦਾ ਫਰਜ਼ ਹੈ ।ਸ਼ਰਧਾ ਅਤੇ ਤਰਕ ਦਾ ਸੰਤੁਲਨ ਬਹੁਤ ਜ਼ਰੂਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਪ੍ਰੰਪਰਾਵਾਂ ਦੇ ਨਾਮ ‘ਤੇ ਨਾ ਤਾਂ ਅੰਧ-ਵਿਸ਼ਵਾਸ ਵਿੱਚ ਫਸੀਏ ਅਤੇ ਨਾ ਹੀ ਆਧੁਨਿਕਤਾ ਦੇ ਨਾਮ ‘ਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟੀਏ ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਮਹੀਨਾ ਭਰ ਚੱਲਣ ਵਾਲੇ ਇਨ੍ਹਾਂ ਗੁਰਮਤਿ ਸਮਾਗਮਾਂ ਸਮੇਤ 1 ਤੋਂ 6 ਜੂਨ ਦੇ ਸ਼ਹੀਦੀ ਸਮਾਗਮਾਂ ‘ਚ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ।
















