ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਖੁੱਲ੍ਹ ਕੇ ਚਰਚਾ ਕੀਤੀ
ਅੰਮ੍ਰਿਤਸਰ (ਕੇ.ਐਲ. ਜੀਤ ਵਾਲੀਆ, ਫੁੱਲਜੀਤ ਵਰਪਾਲ) – ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪ੍ਰਧਾਨ ਸ੍ਰੀ ਮੰਗਤ ਰਾਮ ਸਿਲ੍ਹੀ ਵਕੀਲ ਦੀ ਅਗਵਾਈ ਹੇਠ ਪਿੰਡ ਸੁਲਤਾਨਵਿੰਡ ਵਿਖੇ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਤੋਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਹਲਕਾ ਅੰਮ੍ਰਿਤਸਰ ਉੱਤਰੀ ਦੇ ਐਮ.ਐਲ.ਏ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਵਧ ਰਹੇ ਭ੍ਰਿਸ਼ਟਾਚਾਰ, ਗੈਂਗਸਟਰਵਾਦ, ਨਸ਼ਿਆਂ ਦੇ ਫੈਲਾਅ, ਕਾਨੂੰਨ-ਵਿਵਸਥਾ ਦੀ ਕਮਜ਼ੋਰੀ ਅਤੇ ਸਰਕਾਰੀ ਮਹਿਕਮਿਆਂ ਵਿੱਚ ਲੋਕਾਂ ਨੂੰ ਇਨਸਾਫ਼ ਨਾ ਮਿਲਣ ਵਰਗੇ ਗੰਭੀਰ ਮੁੱਦਿਆਂ ‘ਤੇ ਚਿੰਤਾ ਜਤਾਈ ਗਈ।
ਸਭ ਹਾਜ਼ਰ ਸ਼ਖ਼ਸੀਅਤਾਂ ਨੇ ਪੰਜਾਬ ਦੇ ਮੌਜੂਦਾ ਅਤੇ ਭਵਿੱਖੀ ਹਾਲਾਤਾਂ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵੀ ਚਰਚਾ ਹੋਈ।
ਆਪਣੇ ਸੰਬੋਧਨ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦਾ ਹਰ ਨਾਗਰਿਕ ਉਹਨਾਂ ਦੇ ਦਫ਼ਤਰ ਵਿੱਚ ਆ ਕੇ ਆਪਣੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕਰਵਾ ਸਕਦਾ ਹੈ। ਉਹਨਾਂ ਨੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਰਹਿਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੁਸਾਇਟੀ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਰੋਪਾਓ ਅਤੇ ਸ਼੍ਰੀ ਰਾਮ ਲੱਲਾ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਖੁਸ਼ਨੁਮਾ ਮਾਹੌਲ ਵਿੱਚ ਸੰਪੰਨ ਹੋਈ ਅਤੇ ਅੰਤ ਵਿੱਚ ਸੁਸਾਇਟੀ ਵੱਲੋਂ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਰਿਤ ਕੁਮਾਰ ਸਿਲ੍ਹੀ ਵਕੀਲ, ਰੋਹਿਤ ਕੁਮਾਰ ਸਿਲ੍ਹੀ ਵਕੀਲ, ਰਾਜੀਵ ਵੋਹਰਾ, ਸੁੱਚਾ ਸਿੰਘ ਬਮਰਾਹ, ਤਰਸੇਮ ਸਿੰਘ, ਪ੍ਰਿੰਸੀਪਲ ਮਨੋਜ ਕੁਮਾਰ ਅਰੋੜਾ, ਬਾਉ ਵਿਨੋਦ ਦੱਤ, ਸਤਨਾਮ ਸਿੰਘ ਬਿੱਲਾ, ਬਲਬੀਰ ਸਿੰਘ, ਦੀਪਕ ਬਹਿਲ, ਹਰਚਰਨ ਸਿੰਘ ਮੋਹਕਮਪੁਰਾ, ਬੌਬੀ ਮਕਬੂਲਪੁਰਾ, ਰਾਜਬੀਰ ਸਿੰਘ, ਬੰਟੀ ਕੁਮਾਰ, ਸ਼ਿਵਮ ਸ਼ਰਮਾ, ਅਜੀਤ ਸਿੰਘ ਆਦਿ ਹਾਜ਼ਿਰ ਸਨ।
















