ਪ੍ਰੋ. ਡਾ. ਕ੍ਰਿਟੇਰੀਆ ਗ੍ਰੋਬਲਰ ਦੀ ਅਗਵਾਈ ਹੇਠ 45 ਮੈਂਬਰੀ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਦਾ ਪ੍ਰੋਟੋਕਾਲ ਅਧਿਕਾਰੀ ਅਰੁਣ ਮਹਲ ਵੱਲੋਂ ਸਵਾਗਤ
ਅੰਮ੍ਰਿਤਸਰ, 5 ਜੁਲਾਈ (ਉੱਪਲ): ਦੱਖਣੀ ਅਫ਼ਰੀਕਾ ਸਥਿਤ ਨੇਲਸਨ ਮੰਡੇਲਾ ਯੂਨੀਵਰਸਿਟੀ ਦੇ ਸੈਕਟਰ-3 ਤੋਂ ਪ੍ਰੋ. ਡਾ. ਕ੍ਰਿਟੇਰੀਆ ਗ੍ਰੋਬਲਰ ਦੀ ਅਗਵਾਈ ਹੇਠ 45 ਮੈਂਬਰੀ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਨੇ ਸ਼ਨੀਵਾਰ ਨੂੰ ਅਟਾਰੀ ਸਰਹੱਦ ਦਾ ਦੌਰਾ ਕੀਤਾ। ਇਸ ਪ੍ਰਤੀਨਿਧੀ ਮੰਡਲ ਵਿੱਚ ਥਾਈਲੈਂਡ, ਨੇਪਾਲ, ਤਾਈਵਾਨ, ਦੱਖਣੀ ਅਫ਼ਰੀਕਾ, ਸਿੰਗਾਪੁਰ, ਮਲੇਸ਼ੀਆ, ਬ੍ਰਾਜ਼ੀਲ, ਪੋਲੈਂਡ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਸਨ।
ਅਟਾਰੀ ਸਰਹੱਦ ਪਹੁੰਚਣ ‘ਤੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਹਲ ਨੇ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ, ਸਰਹੱਦੀ ਸੁਰੱਖਿਆ ਪ੍ਰਬੰਧਾਂ ਅਤੇ ਬੀਟਿੰਗ ਰਿਟਰੀਟ ਸਮਾਰੋਹ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ।
ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਅਨੁਸ਼ਾਸਨ, ਬਹਾਦਰੀ ਅਤੇ ਦੇਸ਼ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਅਟਾਰੀ ਸਰਹੱਦ ‘ਤੇ ਹਰ ਰੋਜ਼ ਹੋਣ ਵਾਲੇ ਬੀਟਿੰਗ ਰਿਟਰੀਟ ਸਮਾਰੋਹ ਨੂੰ ਬਹੁਤ ਹੀ ਰੋਮਾਂਚਕ, ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਕਰਾਰ ਦਿੱਤਾ।
ਦੌਰੇ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਭਾਰਤੀ ਸੰਸਕ੍ਰਿਤੀ, ਦੇਸ਼ਭਗਤੀ ਅਤੇ ਸਰਹੱਦ ‘ਤੇ ਮੌਜੂਦ ਸੁਰੱਖਿਆ ਪ੍ਰਬੰਧਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਇਸ ਦੌਰੇ ਨੂੰ ਯਾਦਗਾਰ ਅਨੁਭਵ ਦੱਸਦਿਆਂ ਭਾਰਤ ਦੀ ਨਿੱਘੀ ਮਹਿਮਾਨਨਵਾਜ਼ੀ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
















