ਅੰਮ੍ਰਿਤਸਰ, 30 ਅਪ੍ਰੈਲ (ਕੇ.ਐਲ. ਜੀਤ ਵਾਲੀਆ, ਫੁਲਜੀਤ ਵਰਪਾਲ) – ਪੰਜਾਬ ਵਿੱਚ ਨਿਰਵਿਘਨ ਬਿਜਲੀ ਸਪਲਾਈ ਨਾ ਹੋਣ ਅਤੇ ਲਗਾਤਾਰ ਲੱਗ ਰਹੇ ਵੱਡੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਹਲਕਾ ਪੂਰਬੀ ਵਿਖੇ ਬਟਾਲਾ ਰੋਡ ਮੁਸਤਫ਼ਾਬਾਦ ਸਥਿਤ ਬਿਜਲੀ ਘਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਤਪਦੀ ਗਰਮੀ ਵਿੱਚ ਲੰਮੇ ਬਿਜਲੀ ਕੱਟਾਂ ਨੇ ਆਮ ਜਨਤਾ ਦੀ ਜ਼ਿੰਦਗੀ ਬਹੁਤ ਮੁਸ਼ਕਲ ਬਣਾ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ, ਪਰ ਸਰਕਾਰ ਇਸਨੂੰ ਪੂਰਾ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।ਇਸ ਮੌਕੇ ਸੀਨੀਅਰ ਆਗੂ ਜਿੰਮੀ ਵਾਲੀਆ ਅਤੇ ਹਰਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸਾਲ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੂੰ ਖਪਤ ਤੋਂ ਵੱਧ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਇਆ ਗਿਆ ਸੀ। ਪਰ ਇਸ ਤੋਂ ਬਾਅਦ ਕਾਂਗਰਸ ਸਰਕਾਰ ਅਤੇ ਮੌਜੂਦਾ ਸਰਕਾਰ ਦੌਰਾਨ ਬਿਜਲੀ ਉਤਪਾਦਨ ਵਿੱਚ ਕੋਈ ਵਾਧਾ ਨਹੀਂ ਹੋਇਆ, ਜਿਸ ਕਾਰਨ ਅੱਜ ਬਿਜਲੀ ਸੰਕਟ ਗੰਭੀਰ ਰੂਪ ਧਾਰ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਅੱਜ ਹਰ ਪਰਿਵਾਰ ਦੀ ਸਭ ਤੋਂ ਮੁੱਖ ਲੋੜ ਬਣ ਚੁੱਕੀ ਹੈ ਅਤੇ ਇਸ ਮਸਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨਾਂ ਰਾਹੀਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਸੰਨੀ ਅਤੇ ਮੋਹਨ ਸਿੰਘ ਸ਼ੈਲਾ ਵਾਲੀਆ ਨੇ ਕਿਹਾ ਕਿ ਸਾਰੇ ਮਸਲਿਆਂ ਦਾ ਇੱਕੋ ਹੱਲ ਹੈ – 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣਾ।
ਇਸ ਮੌਕੇ ਹਰਪ੍ਰੀਤ ਸਿੰਘ ਬੇਦੀ, ਮੋਹਨ ਸਿੰਘ ਸ਼ੈਲਾ ਵਾਲੀਆ, ਪ੍ਰਿਸ ਬਖਸ਼ੀ, ਕੁਲਵੰਤ ਸਿੰਘ ਡੈਅਰੀਵਾਲੇ, ਅਮੋਲਕ ਸਿੰਘ, ਜਸਬੀਰ ਸਿੰਘ, ਬਿਕਰਮ ਸਿੰਘ ਸ਼ਰੀਫ਼ਪੂਰਾ, ਮਹਿੰਦਰ ਸਿੰਘ ਵੇਰਕਾ (ਸਾਬਕਾ ਕੌਂਸਲਰ), ਨੰਬਰਦਾਰ ਸੁਖਰਾਜ ਸਿੰਘ ਵੱਲਾ, ਚਰਨਜੀਤ ਚੰਨੀ (ਕਸ਼ਮੀਰ ਐਵਨਿਊ), ਅਵਤਾਰ ਸਿੰਘ ਵੇਰਕਾ, ਸਾਬੀ ਚੀਲ ਮੰਡੀ ਆਦਿ ਤੋਂ ਇਲਾਵਾ ਹੋਰ ਵੀ ਕਈ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।
















