ਭੱਜਦੌੜ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ: ਬਾਬਾ ਸੁਰੇਸ਼ ਸ਼ਰਮਾ
ਅੰਮ੍ਰਿਤਸਰ, 19 ਜੁਲਾਈ (ਕੇ. ਐਲ. ਜੀਤ ਵਾਲੀਆ) – ਹਜ਼ਰਤ ਬਾਬਾ ਖ਼ਵਾਜਾ ਪੀਰ ਜੀ ਦਾ ਸਾਲਾਨਾ ਮੇਲਾ ਬਾਬਾ ਜੋਗਿੰਦਰ ਪਾਲ ਜੀ ਦੇ ਨਿਵਾਸ ਸਥਾਨ, ਗੋਪਾਲ ਨਗਰ, ਮਜੀਠਾ ਰੋਡ ਵਿਖੇ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸਮਾਗਮ ਵਿੱਚ ਅੰਮ੍ਰਿਤਸਰ ਦੀ ਪ੍ਰਾਚੀਨ ਅਤੇ ਪ੍ਰਸਿੱਧ ਦਰਗਾਹ ਜਾਹਰਾ ਪੀਰ ਜੀ ਦੇ ਪ੍ਰਬੰਧਕ ਅਤੇ ਗੱਦੀਨਸ਼ੀਨ ਬਾਬਾ ਸੁਰੇਸ਼ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਉੱਤਰੀ ਤੋਂ ਕਾਂਗਰਸ ਦੇ ਇੰਚਾਰਜ ਅਨਿਲ ਜੋਸ਼ੀ, ਦਰਗਾਹ ਦੇ ਮੁੱਖ ਸੇਵਾਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਸਕੱਤਰ ਨਰਿੰਦਰ ਕੁਮਾਰ ਟੀਨੂ, ਭਾਰਤੀ ਵਾਲਮੀਕਿ ਆਦੀ ਧਰਮ ਸਮਾਜ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਰਾਜਾ, ਬਾਬਾ ਮੀਰ ਸ਼ਾਹ ਦਰਗਾਹ ਤੋਂ ਬਾਬਾ ਪ੍ਰਗਟ ਸਿੰਘ, ਮਜੀਠਾ ਨੇੜਲੇ ਮਰੜੀ ਪਿੰਡ ਤੋਂ ਬਾਬਾ ਧੀਰਾ, ਬੀਬੀ ਮਾਣੀ, ਸਮਾਜ ਸੇਵਕ ਮਾਮਾ ਸਿਕੰਦਰ, ਪੰਜਾਬ ਪੁਲਿਸ ਦੇ ਇੰਸਪੈਕਟਰ ਬਲਵਿੰਦਰ ਸਿੰਘ, ਸੇਵਾਦਾਰ ਚਰਨਜੀਤ ਸਿੰਘ, ਸੇਵਾਦਾਰ ਬਿੱਲਾ ਅਤੇ ਹੋਰ ਅਨੇਕਾਂ ਸ਼ਰਧਾਲੂਆਂ ਨੇ ਹਾਜ਼ਰੀ ਭਰੀ।
ਦਰਗਾਹ ਵਿੱਚ ਮੱਥਾ ਟੇਕਣ ਉਪਰੰਤ ਅਨਿਲ ਜੋਸ਼ੀ ਨੇ ਕਿਹਾ ਕਿ ਪੀਰ-ਫਕੀਰਾਂ ਦੇ ਆਸ਼ੀਰਵਾਦ ਨਾਲ ਹੀ ਜੀਵਨ ਨੂੰ ਸਹੀ ਦਿਸ਼ਾ ਅਤੇ ਸਫਲਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਮਾਜ ਵਿੱਚ ਆਪਸੀ ਭਾਈਚਾਰੇ, ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮੂਹ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਲੋਕਾਂ ਨੂੰ ਆਪਸੀ ਏਕਤਾ ਅਤੇ ਸਦਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਬਾਬਾ ਸੁਰੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰ ਵਿਅਕਤੀ ਨੂੰ ਕੁਝ ਸਮਾਂ ਪਰਮਾਤਮਾ ਦੀ ਭਗਤੀ ਅਤੇ ਸਿਮਰਨ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਮਾਨਸਿਕ ਤਣਾਅ ਘਟਦਾ ਹੈ ਅਤੇ ਇਨਸਾਨ ਗਲਤ ਵਿਚਾਰਾਂ ਅਤੇ ਵਿਕਾਰਾਂ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਸੰਗਤ ਨੂੰ ਮਨੁੱਖਤਾ, ਸੇਵਾ ਅਤੇ ਪ੍ਰੇਮ ਦੇ ਮਾਰਗ ‘ਤੇ ਚੱਲਣ ਦੀ ਅਪੀਲ ਵੀ ਕੀਤੀ।
ਆਸਟਰੇਲੀਆ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਨਿੱਘਾ ਸਵਾਗਤ
ਸਮਾਗਮ ਦੌਰਾਨ ਦਰਗਾਹ ਵਿੱਚ ਧਾਰਮਿਕ ਰਸਮਾਂ ਪੂਰੀ ਸ਼ਰਧਾ ਨਾਲ ਅਦਾ ਕੀਤੀਆਂ ਗਈਆਂ। ਹਾਜ਼ਰ ਸੰਗਤ ਨੇ ਬਾਬਾ ਖ਼ਵਾਜਾ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਅੰਤ ਵਿੱਚ ਸੰਗਤ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ।
















