ਅੰਮ੍ਰਿਤਸਰ, 16 ਜੁਲਾਈ (ਕੇ.ਐਲ. ਜੀਤ ਵਾਲੀਆ) – ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸਰਬਜੋਤ ਸਿੰਘ ਧੰਜਲ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ, ਜਿੱਥੇ ਵੱਖ-ਵੱਖ ਸਮਾਜਿਕ, ਵਪਾਰਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਨਵੇਂ ਅਹੁਦੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪੰਜਾਬ ਸਰਕਾਰ ਦੇ ਟਰੇਡ ਕਮਿਸ਼ਨ, ਜ਼ਿਲ੍ਹਾ ਅੰਮ੍ਰਿਤਸਰ ਦੇ ਵਾਈਸ ਚੇਅਰਮੈਨ ਅਭਿਸ਼ੇਕ ਬੰਸਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਸਰਬਜੋਤ ਸਿੰਘ ਧੰਜਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਦੌਰਾਨ ਸੀਨੀਅਰ ਆਗੂ ਰਮਨ ਸਹਿਗਲ ਅਤੇ ਸਿੱਖਿਆ ਵਿਭਾਗ ਦੇ ਮੈਂਬਰ ਬੰਟੀ ਮਹਾਜਨ ਵੀ ਹਾਜ਼ਰ ਸਨ।
ਅਭਿਸ਼ੇਕ ਬੰਸਲ ਨੇ ਕਿਹਾ ਕਿ ਸਰਬਜੋਤ ਸਿੰਘ ਧੰਜਲ ਦੀ ਨਿਯੁਕਤੀ ਨਾਲ ਪਾਰਟੀ ਦੇ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਵਿਸ਼ਵਾਸ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਧੰਜਲ ਨੇ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਪਾਰਟੀ ਦੀ ਸੇਵਾ ਕੀਤੀ ਹੈ, ਜਿਸ ਦਾ ਸਨਮਾਨ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਦੇ ਕੇ ਕੀਤਾ ਗਿਆ ਹੈ।
ਆਪਣੇ ਸੰਬੋਧਨ ਵਿੱਚ ਸਰਬਜੋਤ ਸਿੰਘ ਧੰਜਲ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿੱਚ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਧੰਜਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਵਿਕਾਸ ਅਤੇ ਲੋਕ ਸੇਵਾ ਦੇ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਾਏ ਜਾਣਗੇ।
















