ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਹੋਵੇਗੀ ਸ਼ਮੂਲੀਅਤ
ਅੰਮ੍ਰਿਤਸਰ, 7 ਜੁਲਾਈ(ਭੁੱਲਰ, ਕੇ.ਐਲ. ਜੀਤ ਵਾਲੀਆ):ਸੇਵਾ ਮੁੱਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ. ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਨਿਰਮਲਜੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 17 ਜੁਲਾਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਰੋਸ ਧਰਨੇ ਵਿੱਚ ਪੰਜਾਬ ਭਰ ਤੋਂ ਸੇਵਾ ਮੁੱਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।
ਇਸ ਮੌਕੇ ਕੁਲਵੰਤ ਸਿੰਘ ਡੇਹਰੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਤੁਰੰਤ ਬਹਾਲ ਕੀਤੀ ਜਾਵੇ, 2.59 ਦੇ ਗੁਣਾਂਕ ਅਨੁਸਾਰ ਪੇਅ ਕਮਿਸ਼ਨ ਦੇ ਬਕਾਏ ਇਕਮੁਸ਼ਤ ਜਾਰੀ ਕੀਤੇ ਜਾਣ, ਮੁਲਾਜ਼ਮਾਂ ’ਤੇ ਲਗਾਇਆ ਗਿਆ 200 ਰੁਪਏ ਪ੍ਰਤੀ ਮਹੀਨਾ ਟੈਕਸ ਵਾਪਸ ਲਿਆ ਜਾਵੇ, 18 ਫ਼ੀਸਦੀ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ, ਪ੍ਰੋਬੇਸ਼ਨ ਪੀਰੀਅਡ ਖ਼ਤਮ ਕੀਤਾ ਜਾਵੇ, ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਸਕੇਲ ਲਾਗੂ ਕੀਤੇ ਜਾਣ, ਹਰ ਤਰ੍ਹਾਂ ਦੇ ਕੱਚੇ, ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਮੈਡੀਕਲ ਬਿੱਲਾਂ ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ।
ਮੀਟਿੰਗ ਵਿੱਚ ਮੇਜਰ ਸਿੰਘ ਭੋਮਾ, ਤਰਸੇਮ ਸਿੰਘ ਫੱਤੂਭੀਲਾ, ਸੁਖਵਿੰਦਰ ਸਿੰਘ ਸਾਬੀ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ (ਤਹਿਸੀਲ ਪ੍ਰਧਾਨ, ਪੈਨਸ਼ਨਰ ਐਸੋਸੀਏਸ਼ਨ ਤਰਨ ਤਾਰਨ), ਗੁਰਮੀਤ ਸਿੰਘ ਛਾਪਾ, ਸੂਬਾ ਸਿੰਘ, ਹਰਦੇਵ ਸਿੰਘ ਭੋਮਾ, ਨਰਿੰਦਰ ਸਿੰਘ, ਰਵਿੰਦਰ ਕੁਮਾਰ ਰਵੀ, ਰਮੇਸ਼ ਪਾਲ ਸਿੰਘ, ਜਗਜੀਤ ਸਿੰਘ ਬਾਬਾ, ਜੋਗਿੰਦਰ ਸਿੰਘ, ਪਰਸਨ ਸਿੰਘ ਵੇਰਕਾ, ਜਗਜੀਤ ਸਿੰਘ ਭੰਗਾਲੀ, ਚਰਨਜੀਤ ਸਿੰਘ, ਰਜਿੰਦਰ ਸਿੰਘ ਕਾਨੂੰਗੋ, ਜਸਬੀਰ ਸਿੰਘ ਬੱਲ, ਜਰਨੈਲ ਸਿੰਘ ਅਜਨਾਲਾ, ਗੁਰਬਿੰਦਰਬੀਰ ਸਿੰਘ ਅਜਨਾਲਾ, ਸਵਿੰਦਰ ਸਿੰਘ ਅਜਨਾਲਾ, ਜੋਗਿੰਦਰਪਾਲ ਪਾਂਡੇ, ਜਤਿੰਦਰ ਕੁਮਾਰ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ 17 ਜੁਲਾਈ ਦੇ ਰੋਸ ਧਰਨੇ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
















