ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਦੀ ਏਕਤਾ ਲਈ ਬਲਵਿੰਦਰ ਬਿੱਲਾ ਦੀ ਵੱਡੀ ਪਹਿਲ,ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ, 22 ਜੂਨ (ਕੇ.ਐਲ. ਜੀਤ ਵਾਲੀਆ) – ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਸਵਰਨਕਾਰ ਸਭਾ ਦੇ ਪ੍ਰਧਾਨ ਅਤੇ ਉੱਘੇ ਸਵਰਨਕਾਰ ਆਗੂ ਸਮਾਜ ਸੇਵਕ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਇੱਕ ਪ੍ਰਤੀਨਿਧੀ ਮੰਡਲ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਦਲਵਿੰਦਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਇੱਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ।
ਮੰਗ ਪੱਤਰ ਵਿੱਚ ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਹਾਈ ਸਕੂਲ ਸੁਲਤਾਨਵਿੰਡ ਰੋਡ, ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਹਾਈ ਸਕੂਲ ਜਸਪਾਲ ਨਗਰ ਅਤੇ ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ, ਬਾਹਰਵਾਰ ਸੁਲਤਾਨਵਿੰਡ ਗੇਟ ਦੀਆਂ ਚੋਣਾਂ ਕਰਵਾਉਣ, ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਦੀਆਂ ਨਵੀਆਂ ਵੋਟਾਂ ਬਣਾਉਣ ਅਤੇ ਸਕੂਲ ਪ੍ਰਬੰਧਕ ਕਮੇਟੀ ਤੋਂ ਪਿਛਲੇ 20 ਸਾਲਾਂ ਦਾ ਆਮਦਨ-ਖਰਚ ਦਾ ਪੂਰਾ ਹਿਸਾਬ ਜਨਤਕ ਕਰਨ ਦੀ ਮੰਗ ਕੀਤੀ ਗਈ।
ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਿਸੇ ਸੀਨੀਅਰ ਸਰਕਾਰੀ ਅਧਿਕਾਰੀ ਦੀ ਡਿਊਟੀ ਲਗਾ ਕੇ ਪਿਛਲੇ ਸਾਲਾਂ ਦੇ ਸਾਰੇ ਵਿੱਤੀ ਅਤੇ ਪ੍ਰਸ਼ਾਸਕੀ ਰਿਕਾਰਡ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਸਕੂਲ ਦਾ ਅਧਿਕਾਰਤ ਬੋਰਡ ਕਿਹੜੀਆਂ ਪਰਿਸਥਿਤੀਆਂ ਵਿੱਚ ਹਟਾਇਆ ਜਾਂ ਟੁੱਟਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕੋ-ਇੱਕ ਮਕਸਦ ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਨੂੰ ਇੱਕ ਮਜ਼ਬੂਤ ਪਲੇਟਫਾਰਮ ‘ਤੇ ਇਕੱਠਾ ਕਰਨਾ ਹੈ, ਤਾਂ ਜੋ ਸਮਾਜ ਆਪਣੀ ਤਾਕਤ ਨੂੰ ਪਛਾਣ ਸਕੇ ਅਤੇ ਹਰ ਫ਼ੈਸਲਾ ਪਾਰਦਰਸ਼ੀ ਅਤੇ ਸਰਬਸੰਮਤੀ ਨਾਲ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਜਾਂ ਪ੍ਰਧਾਨਗੀ ਦਾ ਕੋਈ ਲਾਲਚ ਨਹੀਂ, ਸਗੋਂ ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਸਮੂਹ ਭਾਈਚਾਰਾ ਇਕਜੁੱਟ ਹੋ ਕੇ ਆਪਣੇ ਹੱਕਾਂ ਅਤੇ ਸੰਸਥਾਵਾਂ ਦੀ ਮਜ਼ਬੂਤੀ ਲਈ ਕੰਮ ਕਰੇ।
ਇਸ ਮੌਕੇ ਬਿਕਰਮਜੀਤ ਸਿੰਘ, ਅਮਰਿੰਦਰ ਸਿੰਘ, ਮੁਖਤਿਆਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਪੂਰਨ ਸਿੰਘ ਆਸਟ ਸਮੇਤ ਵੱਡੀ ਗਿਣਤੀ ਵਿੱਚ ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।
















