ਅੰਮ੍ਰਿਤਸਰ, 1 ਜੂਨ (ਕੇ.ਐਲ. ਜੀਤ ਵਾਲੀਆ) – ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਨਰਿੰਦਰ ਨਨੂ ਆਉਣ ਵਾਲੀ ਪੰਜਾਬੀ ਫ਼ਿਲਮ “ਖੜਕ ਸਿੰਘ ਚੌਹਾਨ ” ਵਿੱਚ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਨਰਿੰਦਰ ਕੁਮਾਰ ਦੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਫ਼ਿਲਮ ਦੀ ਕਹਾਣੀ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਸਰਕਾਰੀ ਪ੍ਰਣਾਲੀ ਦੇ ਇੱਕ ਅਜਿਹੇ ਚਿਹਰੇ ਨੂੰ ਦਰਸਾਉਂਦਾ ਹੈ, ਜਿਸ ਵਿੱਚ ਹਾਸੇ, ਵਿਅੰਗ ਅਤੇ ਸਮਾਜਿਕ ਹਕੀਕਤ ਦਾ ਪ੍ਰਭਾਵਸ਼ਾਲੀ ਮੇਲ ਵੇਖਣ ਨੂੰ ਮਿਲੇਗਾ।
ਫ਼ਿਲਮ ਦਾ ਨਿਰਦੇਸ਼ਨ ਮਨਜੋਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਮਾਤਾ ਮਨਮੋਹਨ ਸਿੰਘ ਹਨ। ਇਹ ਫ਼ਿਲਮ 2 ਜੂਨ 2026 ਨੂੰ ਚਾਪਲ ਐਪ ’ਤੇ ਰਿਲੀਜ਼ ਕੀਤੀ ਜਾਵੇਗੀ।
ਫ਼ਿਲਮ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਮਨਜੋਤ ਸਿੰਘ ਨੇ ਕਿਹਾ ਕਿ “ਖੜਕ ਸਿੰਘ ਚੌਹਾਨ ” ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਆਮ ਲੋਕਾਂ ਦੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਲਾਲਫੀਤਾਸ਼ਾਹੀ ਅਤੇ ਸਰਕਾਰੀ ਪ੍ਰਣਾਲੀ ਦੀਆਂ ਚੁਣੌਤੀਆਂ ਨੂੰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅਦਾਕਾਰ ਨਰਿੰਦਰ ਨਨੂ ਦਾ ਕਿਰਦਾਰ ਫ਼ਿਲਮ ਦਾ ਇੱਕ ਪ੍ਰਮੁੱਖ ਆਕਰਸ਼ਣ ਹੋਵੇਗਾ।
ਇਸ ਮੌਕੇ ਅਦਾਕਾਰ ਨਰਿੰਦਰ ਨਨੂ ਨੇ ਕਿਹਾ ਕਿ ਦਰਸ਼ਕ ਫ਼ਿਲਮ ਦੀ ਕਹਾਣੀ ਅਤੇ ਪਾਤਰਾਂ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਨਗੇ। ਕਾਮੇਡੀ ਅਤੇ ਸਮਾਜਿਕ ਸੰਦੇਸ਼ ਨਾਲ ਭਰਪੂਰ ਇਹ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਇੱਕ ਸਾਰਥਕ ਸੁਨੇਹਾ ਵੀ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਪੇਸ਼ ਕੀਤੇ ਗਏ ਵਿਸ਼ੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਹਨ, ਜਿਸ ਕਾਰਨ ਦਰਸ਼ਕਾਂ ਨੂੰ ਇਹ ਫ਼ਿਲਮ ਖ਼ਾਸ ਤੌਰ ’ਤੇ ਪਸੰਦ ਆਵੇਗੀ।
















