ਅੰਮ੍ਰਿਤਸਰ, 23 ਮਈ (ਕੇ.ਐਲ. ਜੀਤ ਵਾਲੀਆ,ਫੁਲਜੀਤ ਵਰਪਾਲ )-ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਦੱਖਣੀ ਦੇ ਵਾਰਡ ਨੰਬਰ 44 ਤੋਂ ਕੌਂਸਲਰ ਸ੍ਰੀ ਜਸਵਿੰਦਰ ਸਿੰਘ ਸ਼ੇਰਗਿੱਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.ਸੀ. ਵਿਭਾਗ ਦਾ ਵਾਈਸ ਚੇਅਰਮੈਨ ਨਿਯੁਕਤ ਹੋਣ ‘ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਬੁਲਾਰੀਆ ਅਤੇ ਹਾਜ਼ਰ ਕੌਂਸਲਰਾਂ ਵੱਲੋਂ ਜਸਵਿੰਦਰ ਸਿੰਘ ਸ਼ੇਰਗਿੱਲ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਸਿਰੋਪਾਓ ਭੇਟ ਕਰਕੇ ਭਰਵਾਂ ਸਨਮਾਨ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਿਹਨਤੀ, ਇਮਾਨਦਾਰ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਆਗੂਆਂ ਨੂੰ ਮਾਣ-ਸਤਿਕਾਰ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਸ਼ੇਰਗਿੱਲ ਪਾਰਟੀ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਣੀ ਨਵੀਂ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ।
ਬੁਲਾਰੀਆ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਨਾ ਸਿਰਫ਼ ਸ਼ੇਰਗਿੱਲ ਲਈ ਸਨਮਾਨ ਦੀ ਗੱਲ ਹੈ, ਸਗੋਂ ਇਹ ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਲਈ ਵੀ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਸਮਰਪਣ ਨਾਲ ਹੀ ਕਾਂਗਰਸ ਮੁੜ ਮਜ਼ਬੂਤ ਹੋ ਰਹੀ ਹੈ।
ਇਸ ਮੌਕੇ ਹਲਕਾ ਦੱਖਣੀ ਦੇ ਮੌਜੂਦਾ ਕੌਂਸਲਰਾਂ ਦੇ ਪਤੀ ਕੌਂਸਲਰ ਦਲਬੀਰ ਸਿੰਘ ਮਮਣਕੇ, ਮੋਹਨ ਸਿੰਘ ਮਾੜੀ ਮੇਘਾ, ਗਗਨਦੀਪ ਸਿੰਘ ਸਹਿਜਰਾ, ਕੌਂਸਲਰ ਅਸ਼ਵਨੀ ਕਾਲੇ ਸ਼ਾਹ, ਸੰਨੀ ਕੁੰਦਰਾ, ਕੌਂਸਲਰ ਅਮਿਤ ਕੁਮਾਰ ਵਿੱਕੀ, ਵਾਰਡ ਇੰਚਾਰਜ ਅਮਰਜੀਤ ਸਿੰਘ ਸਿੱਧੂ ਜੋੜਾ, ਵਾਰਡ ਇੰਚਾਰਜ ਬਲਜਿੰਦਰ ਸਿੰਘ ਟਿੰਕੂ, ਵਾਰਡ ਇੰਚਾਰਜ ਸੁਖਰਾਜ ਸਿੰਘ ਰਾਜੂ, ਅੰਗਰੇਜ਼ ਸਿੰਘ, ਰਿੰਕਾ ਜੀ, ਬੁਲਾਰੀਆ ਦੇ ਪੀਏ ਅਰਵਿੰਦਰ ਸਿੰਘ ਭਾਟੀਆ, ਸਤਬੀਰ ਸਿੰਘ, ਕਾਂਗਰਸੀ ਆਗੂ ਪਾਲ ਸਿੰਘ, ਡਾ. ਬਾਵਾ ਸਿੰਘ, ਰਾਜਬੀਰ ਸਿੰਘ ਢਿੱਲੋਂ, ਆਈ.ਪੀ. ਚੰਦੀ, ਬਬਲੂ ਸੰਧੂ, ਬੰਟੀ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
















