ਅੰਮ੍ਰਿਤਸਰ, 10 ਮਈ (ਕੇ.ਐਲ. ਜੀਤ ਵਾਲੀਆ)-ਐਡਵੋਕੇਟ ਕ੍ਰਿਸ਼ਨਾ ਦੇਵਗਣ ਅਤੇ ਐਡਵੋਕੇਟ ਕਿਰਨਦੀਪ ਪਾਸੀ ਵੱਲੋਂ ਅਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਅਤੇ ਅਰਜ਼ੀ ਦੇ ਕੇ ਕੌਂਸਲਰਾਂ ਦੀਆਂ ਤਨਖਾਹਾਂ ਵਿੱਚ ਵੱਡੀ ਗੜਬੜ ਅਤੇ ਘਾਟੇਬੰਦੀ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਕ੍ਰਿਸ਼ਨਾ ਦੇਵਗਣ ਦੀ ਮਾਤਾ ਸ੍ਰੀਮਤੀ ਸੁਨੀਤਾ ਸ਼ਰਮਾ, ਜੋ ਸਾਲ 2017 ਤੋਂ 2022 ਤੱਕ ਕੌਂਸਲਰ ਰਹੇ, ਉਨ੍ਹਾਂ ਨੂੰ ਲਗਭਗ 60 ਮਹੀਨਿਆਂ ਦੀ ਤਨਖਾਹ ਬਣਦੀ ਸੀ, ਪਰ ਨਿਗਮ ਵੱਲੋਂ ਸਿਰਫ਼ ਕਰੀਬ 55 ਤਨਖਾਹਾਂ ਹੀ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਹੋਰ ਕੌਂਸਲਰਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਗਈ, ਜਿਨ੍ਹਾਂ ਵਿੱਚੋਂ ਕਿਸੇ ਨੂੰ 55, ਕਿਸੇ ਨੂੰ 56 ਅਤੇ ਕਈ ਹੋਰਾਂ ਨੂੰ ਵੀ ਘੱਟ ਤਨਖਾਹਾਂ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਐਡਵੋਕੇਟ ਕ੍ਰਿਸ਼ਨਾ ਦੇਵਗਣ ਅਤੇ ਐਡਵੋਕੇਟ ਕਿਰਨਦੀਪ ਪਾਸੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਡਾਇਰੀ ਨੰਬਰ 94/95 ਮਿਤੀ 10 ਸਤੰਬਰ 2025 ਰਾਹੀਂ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਬਾਅਦ ਵਿੱਚ ਆਰ.ਟੀ.ਆਈ. ਦਾਇਰ ਕੀਤੀ ਗਈ, ਪਰ ਉਸਦਾ ਵੀ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਨਿਗਮ ਵੱਲੋਂ ਦਿੱਤੇ ਗਏ ਵੇਰਵਿਆਂ ਵਿੱਚ ਕਈ ਤਨਖਾਹਾਂ ਦਰਜ ਨਹੀਂ ਕੀਤੀਆਂ ਗਈਆਂ, ਜਿਸ ਨਾਲ ਰਿਕਾਰਡ ਛੁਪਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੀਆਂ ਬੈਂਕ ਸਟੇਟਮੈਂਟਾਂ, ਪੈਨ ਨੰਬਰ, ਖਾਤਿਆਂ ਦੀ ਜਾਣਕਾਰੀ ਅਤੇ ਹੋਰ ਸਾਰੇ ਸਬੂਤ ਨਿਗਮ ਨੂੰ ਦੇਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੋਈ ਗਲਤ ਤੱਥ ਪੇਸ਼ ਕੀਤਾ ਗਿਆ ਹੋਵੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਰ ਜੇ ਨਿਗਮ ਵਿੱਚ ਕਰੋੜਾਂ ਰੁਪਏ ਦੀ ਗੜਬੜ ਸਾਹਮਣੇ ਆਉਂਦੀ ਹੈ ਤਾਂ ਉਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਨੇ ਮੇਅਰ ਅਤੇ ਕਮਿਸ਼ਨਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸਾਰੇ ਕੌਂਸਲਰਾਂ ਦੀਆਂ ਤਨਖਾਹਾਂ ਦੀ ਦੁਬਾਰਾ ਕੈਲਕੁਲੇਸ਼ਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਨਗਰ ਨਿਗਮ ਵਿੱਚ ਸੰਭਾਵਿਤ ਕਰੋੜਾਂ ਰੁਪਏ ਦੀ ਗੜਬੜ ਨਾਲ ਜੁੜਿਆ ਹੋਇਆ ਹੈ।
ਐਡਵੋਕੇਟ ਕ੍ਰਿਸ਼ਨਾ ਦੇਵਗਣ ਅਤੇ ਐਡਵੋਕੇਟ ਕਿਰਨਦੀਪ ਪਾਸੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਇਸ ਨੂੰ ਹੋਰ ਉੱਚ ਪੱਧਰ ਤੱਕ ਲਿਜਾਇਆ ਜਾਵੇਗਾ
















