ਅੰਮ੍ਰਿਤਸਰ. (ਕੇ.ਐਲ. ਜੀਤ ਵਾਲੀਆ) :- ਉੱਘੇ ਸਿੱਖ ਚਿੰਤਕ, ‘ਦਿ ਸਿੱਖ ਫੋਰਮ’ ਦੇ ਬਾਨੀ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਥੇਬੰਦਕ ਸਕੱਤਰ ਰਹੇ ਸਵਰਗਵਾਸੀ ਸਰਦਾਰ ਭਾਗ ਸਿੰਘ ਅਣਖੀ ਦੀ ਅੱਜ ਪੰਜਵੀਂ ਸਲਾਨਾ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ।
ਸਰਦਾਰ ਭਾਗ ਸਿੰਘ ਅਣਖੀ ਨੇ ਆਪਣਾ ਜੀਵਨ ਸਿੱਖ ਸਮਾਜ, ਸਿੱਖਿਆ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਸੈਂਟਰਲ ਖ਼ਾਲਸਾ ਯਤੀਮਖਾਨੇ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਗਰੀਬ ਤੇ ਯਤੀਮ ਬੱਚਿਆਂ ਦੀ ਭਲਾਈ ਲਈ ਲਗਾਤਾਰ ਸੇਵਾ ਕੀਤੀ।
ਉਹ ਅਨੇਕਾਂ ਸਮਾਜਿਕ ਅਤੇ ਸਿੱਖ ਸੰਸਥਾਵਾਂ ਨਾਲ ਜੁੜੇ ਰਹੇ ਅਤੇ ਸਿੱਖ ਕੌਮ ਵਿੱਚ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਦੇ ਉਦੇਸ਼ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ। ਉਨ੍ਹਾਂ ਦੀ ਸੋਚ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਵਿਲੱਖਣ ਪਹਿਚਾਣ ਦਿੱਤੀ।
‘ਦਿ ਸਿੱਖ ਫੋਰਮ’ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਸਿੱਖ ਮਸਲਿਆਂ ਅਤੇ ਸਿੱਖ ਸਮਾਜ ਦੀਆਂ ਚੁਣੌਤੀਆਂ ਸਬੰਧੀ ਗੰਭੀਰ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਇਆ। ਚੀਫ਼ ਖ਼ਾਲਸਾ ਦੀਵਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਦੀ ਪੰਜਵੀਂ ਸਲਾਨਾ ਬਰਸੀ ਮੌਕੇ ਸਿੱਖ ਸਮਾਜ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਗ ਸਿੰਘ ਅਣਖੀ ਜੀ ਦਾ ਜੀਵਨ ਸੇਵਾ, ਸਿੱਖਿਆ ਅਤੇ ਪਰਉਪਕਾਰ ਦੀ ਪ੍ਰੇਰਣਾਦਾਇਕ ਮਿਸਾਲ ਹੈ। ਉਨ੍ਹਾਂ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ।
ਸਵਰਗਵਾਸੀ ਭਾਗ ਸਿੰਘ ਅਣਖੀ ਜੀ ਦੀ ਸੇਵਾ, ਸਾਦਗੀ ਅਤੇ ਸਿੱਖ ਪੰਥ ਪ੍ਰਤੀ ਸਮਰਪਣ ਨੂੰ ਸਦਾ ਯਾਦ ਰੱਖਿਆ ਜਾਵੇਗਾ।
















