ਅਭਿਸ਼ੇਕ ਸ਼ਰਮਾ ਨੇ 91 ਗੇਂਦਾਂ ’ਚ 233 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਸੌਰਭ ਸੇਠ ਵਿਸ਼ੇਸ਼ ਤੌਰ ’ਤੇ ਮੈਚ ਦੇਖਣ ਪਹੁੰਚੇ
ਅੰਮ੍ਰਿਤਸਰ, 3 ਅਗਸਤ (ਕੇ.ਐਲ. ਜੀਤ ਵਾਲੀਆ)-ਪੰਜਾਬ ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ ਤਹਿਤ ਅੱਜ ਏ.ਜੀ.ਏ. ਗਾਂਧੀ ਗਰਾਊਂਡ ਵਿਖੇ ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਟੀਮਾਂ ਵਿਚਾਲੇ ਇੱਕ ਰੋਜ਼ਾ ਕ੍ਰਿਕਟ ਮੈਚ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਰਨਤਾਰਨ ਨੂੰ 220 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ।
ਮੈਚ ਦੌਰਾਨ ਸ਼ਹਿਰ ਦੇ ਉਭਰਦੇ ਸਿਤਾਰੇ ਅਤੇ ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਅੰਮ੍ਰਿਤਸਰ ਵੱਲੋਂ ਖੇਡਦਿਆਂ ਸਿਰਫ਼ 91 ਗੇਂਦਾਂ ਵਿੱਚ 233 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਆਪਣੀ ਇਸ ਯਾਦਗਾਰੀ ਪਾਰੀ ਦੌਰਾਨ ਉਨ੍ਹਾਂ ਨੇ 25 ਛੱਕੇ ਅਤੇ 15 ਚੌਕੇ ਜੜੇ। ਟੀਮ ਦੇ ਕਪਤਾਨ ਅਭਿਨਵ ਸ਼ਰਮਾ ਨੇ 51 ਦੌੜਾਂ, ਜਦਕਿ ਅਭੈ ਚੌਧਰੀ ਨੇ ਸ਼ਾਨਦਾਰ 93 ਦੌੜਾਂ ਦਾ ਯੋਗਦਾਨ ਪਾਇਆ। ਅੰਮ੍ਰਿਤਸਰ ਦੀ ਟੀਮ ਨੇ ਇੱਕ ਪਾਰੀ ਵਿੱਚ ਕੁੱਲ 534 ਦੌੜਾਂ ਬਣਾਕੇ ਕ੍ਰਿਕਟ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ।
ਇਸ ਮੌਕੇ ਏ.ਜੀ.ਏ. ਗਾਂਧੀ ਗਰਾਊਂਡ ਦੇ ਸਕੱਤਰ ਸਾਗਰ ਮਹਿਰਾ ਨੇ ਅੰਮ੍ਰਿਤਸਰ ਦੀ ਟੀਮ ਅਤੇ ਅਭਿਸ਼ੇਕ ਸ਼ਰਮਾ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੂਰੇ ਦੇਸ਼ ਅਤੇ ਕ੍ਰਿਕਟ ਜਗਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਭਿਸ਼ੇਕ ਸ਼ਰਮਾ ਨੇ ਆਪਣੇ ਘਰੇਲੂ ਮੈਦਾਨ ’ਤੇ ਪੁਰਾਣੇ ਸਾਥੀਆਂ ਨਾਲ ਖੇਡਦਿਆਂ ਅਜਿਹੀ ਯਾਦਗਾਰੀ ਪਾਰੀ ਖੇਡੀ ਹੈ, ਜਿਸ ਨੇ ਨਵਾਂ ਇਤਿਹਾਸ ਰਚ ਦਿੱਤਾ।
ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਸੌਰਭ ਸੇਠ, ਜੋ ਵਿਸ਼ੇਸ਼ ਤੌਰ ’ਤੇ ਮੈਚ ਦਾ ਆਨੰਦ ਲੈਣ ਲਈ ਪਹੁੰਚੇ ਸਨ, ਨੇ ਵੀ ਅੰਮ੍ਰਿਤਸਰ ਦੀ ਟੀਮ ਅਤੇ ਅਭਿਸ਼ੇਕ ਸ਼ਰਮਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।
















