ਗਲੋਬਲ ਪੰਜਾਬ ਕਾਨਫ਼ਲੇਵ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਦਾ ਸ਼ਾਨਦਾਰ ਸਨਮਾਨ
ਫਗਵਾੜਾ, 30 ਜੁਲਾਈ (ਕੇ. ਐਲ. ਜੀਤ ਵਾਲੀਆ ) – ਪਿਛਲੇ ਦਿਨੀ ਦਿ ਕਬਾਨਾ ਰਿਜ਼ੋਰਟ, ਫਗਵਾੜਾ ਵਿਖੇ ਆਯੋਜਿਤ ਦਿ ਆਈਕਾਨਿਕ ਪੰਜਾਬੀ ਐਵਾਰਡਜ਼-2026 ਅਤੇ ਗਲੋਬਲ ਪੰਜਾਬ ਕਾਨਫ਼ਲੇਵ ਸ਼ਾਨਦਾਰ ਅਤੇ ਯਾਦਗਾਰ ਢੰਗ ਨਾਲ ਸੰਪੰਨ ਹੋਇਆ। ਇਸ ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ, ਖੇਡ, ਸਿਹਤ, ਉਦਯੋਗ, ਸੂਚਨਾ ਤਕਨਾਲੋਜੀ, ਪੱਤਰਕਾਰਤਾ ਅਤੇ ਕਲਾ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।
ਸਮਾਗਮ ਦੇ ਮੁੱਖ ਮਹਿਮਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਸਨ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਪ੍ਰਸਿੱਧ ਆਰਥਿਕ ਮਾਹਿਰ ਅਤੇ ਹਿਜ਼ ਹਾਈਨੈੱਸ ਸ਼ੇਖ ਦੇ ਦਫ਼ਤਰ ਦੇ ਡਾਇਰੈਕਟਰ ਡਾ. ਮੁਹੰਮਦ ਅਲੀ ਹਟਾਵੀ ਦੀ ਅਗਵਾਈ ਹੇਠ ਵਿਸ਼ੇਸ਼ ਵਫ਼ਦ ਵੀ ਸਮਾਗਮ ਵਿੱਚ ਸ਼ਾਮਲ ਹੋਇਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਜਰਨੈਲ ਸਿੰਘ, ਵਿਧਾਇਕ ਪਰਗਟ ਸਿੰਘ, ਡਾ. ਪ੍ਰਦੀਪ ਬਾਬਾ ਮਾਧੋਕ ਸਮੇਤ ਕਈ ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ।
ਐਵਾਰਡ ਸਮਾਰੋਹ ਦੌਰਾਨ ਦੇਸ਼-ਵਿਦੇਸ਼ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਖ਼ਾਸ ਆਕਰਸ਼ਣ ਉੱਘੇ ਲਾਨ ਟੈਨਿਸ ਖਿਡਾਰੀ ਅਤੇ ਨੈਸ਼ਨਲ ਲਾਨ ਟੈਨਿਸ ਚੈਂਪੀਅਨ ਅੰਡਰ-17 ਜਗਤੇਸ਼ਵਰ ਸਿੰਘ ਸੰਧੂ ਰਹੇ, ਜਿਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ‘ਦਿ ਆਈਕਾਨਿਕ ਪੰਜਾਬੀ ਐਵਾਰਡ-2026’ ਅਤੇ ਗਲੋਬਲ ਪੰਜਾਬ ਕਾਨਫ਼ਲੇਵ-2026 ਦੌਰਾਨ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਨਮਾਨ ਨਾਲ ਜਗਤੇਸ਼ਵਰ ਸਿੰਘ ਸੰਧੂ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਸਮੁੱਚੇ ਪੰਜਾਬ ਦਾ ਮਾਣ ਵਧਾਇਆ ਹੈ।
ਇਸ ਮੌਕੇ ਡਾ. ਵਰਿੰਦਰ ਸਿੰਘ ਭੁੱਲਰ, ਨਵਦੀਪ ਸਿੰਘ ਭੱਟੀ, ਸਰਦਾਰ ਅਮਰਦੀਪ ਸਿੰਘ ਗਿੱਲ, ਕੁਲ ਸਿੱਧੂ, ਸੋਨੀਆ ਮਾਨ, ਢਾਡੀ ਬੀਬੀ ਦਲੇਰ ਕੌਰ ਖਾਲਸਾ, ਵਿਰਾਸਤ ਸੰਧੂ, ਮਾਹੀ ਸ਼ਰਮਾ, ਆਈਏਐਸ ਲਛਮਣ ਸਿੰਘ ਮਲੂਕਾ, ਕਰਤਾਰ ਸਿੰਘ ਪਹਿਲਵਾਨ, ਹਾਕੀ ਖਿਡਾਰੀ ਹਰਜੀਤ ਸਿੰਘ, ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ, ਡਾ. ਦਿਨੇਸ਼ ਔਲਕ, ਡਾ. ਰਮਨਦੀਪ ਕੌਰ, ਡਾ. ਪਰਮਪ੍ਰੀਤ ਸਿੰਘ ਸਮੇਤ ਕਈ ਹੋਰ ਪ੍ਰਤਿਭਾਵਾਂ ਨੂੰ ਵੀ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਗਲੋਬਲ ਪੰਜਾਬ ਕਾਨਫ਼ਲੇਵ ਦੌਰਾਨ ਪੰਜਾਬ ਦੇ ਸਮਾਜਿਕ, ਆਰਥਿਕ, ਸਿੱਖਿਆ, ਖੇਤੀਬਾੜੀ ਅਤੇ ਵਿਕਾਸ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਪੰਜਾਬ ਦੇ ਭਵਿੱਖ ਨੂੰ ਹੋਰ ਮਜ਼ਬੂਤ ਅਤੇ ਤਰੱਕੀਸ਼ੀਲ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਵੀ ਸਾਂਝੇ ਕੀਤੇ।
ਸਮਾਗਮ ਦੀ ਸਫਲਤਾ ਦਾ ਸਿਹਰਾ ਡੀਆਈਬੀ ਈਵੈਂਟਸ ਦੀ ਟੀਮ ਨੂੰ ਜਾਂਦਾ ਹੈ। ਸ. ਮਨਜਿੰਦਰ ਸਿੰਘ, ਫਤਿਹ ਅਮਨਦੀਪ ਸਿੰਘ, ਸ.ਗੁਰਸਿਮਰਨ ਸਿੰਘ ਅਤੇ ਸਮੂਹ ਟੀਮ ਨੇ ਸ਼ਾਨਦਾਰ ਪ੍ਰਬੰਧ ਕਰਦੇ ਹੋਏ ਇਸ ਸਮਾਗਮ ਨੂੰ ਯਾਦਗਾਰ ਬਣਾਇਆ। ਇਹ ਸਮਾਗਮ ਪੰਜਾਬ ਦੀਆਂ ਪ੍ਰਤਿਭਾਵਾਂ ਨੂੰ ਵਿਸ਼ਵ ਪੱਧਰ ‘ਤੇ ਪਛਾਣ ਦਿਵਾਉਣ ਅਤੇ ਪੰਜਾਬੀ ਭਾਈਚਾਰੇ ਨੂੰ ਇੱਕ ਸਾਂਝੇ ਮੰਚ ‘ਤੇ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
















