‘ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਸਿੱਖਿਆ ਦੀ ਮਹੱਤਤਾ’ ਵਿਸ਼ੇ ’ਤੇ ਵਿਸ਼ਵ ਭਰ ਦੇ ਵਿਦਵਾਨਾਂ ਨੇ ਕੀਤੀ ਗੰਭੀਰ ਚਰਚਾ
ਬਰੈਂਪਟਨ (ਕੈਨੇਡਾ), 23 ਜੁਲਾਈ ( ਜੋਬਨਪ੍ਰੀਤ ਸਿੰਘ ਵਾਲੀਆ) – ਜਗਤ ਪੰਜਾਬੀ ਸਭਾ, ਓਨਟਾਰੀਓ ਫ਼ਰੈਂਡਜ਼ ਕਲੱਬ (ਓਐਫਸੀ) ਅਤੇ ਪਬਪਾ ਸਭਾ ਦੇ ਸਾਂਝੇ ਉਪਰਾਲੇ ਹੇਠ 17, 18 ਅਤੇ 19 ਜੁਲਾਈ 2026 ਨੂੰ ਬਰੈਂਪਟਨ, ਕੈਨੇਡਾ ਵਿਖੇ ਕਰਵਾਈ ਗਈ 12ਵੀਂ ਵਰਲਡ ਪੰਜਾਬੀ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਕਾਨਫਰੰਸ ਦਾ ਮੁੱਖ ਵਿਸ਼ਾ “ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਸਿੱਖਿਆ ਦੀ ਮਹੱਤਤਾ” ਰਿਹਾ, ਜਿਸ ’ਤੇ ਸੰਸਾਰ ਭਰ ਤੋਂ ਪਹੁੰਚੇ ਵਿਦਵਾਨਾਂ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਖੋਜ ਪੱਤਰ ਪੇਸ਼ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।
ਤਿੰਨ ਦਿਨਾਂ ਤੱਕ ਚੱਲੀ ਇਸ ਕਾਨਫਰੰਸ ਦੌਰਾਨ ਹਾਲ ਖਚਾਖਚ ਭਰੇ ਰਹੇ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣਯੋਗ ਰਿਹਾ। ਕਾਨਫਰੰਸ ਦੀ ਸਫਲਤਾ ਲਈ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਓਐਫਸੀ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ ਕੁਦੋਵਾਲ, ਬਲਵਿੰਦਰ ਸਿੰਘ ਚੱਠਾ (ਅਮਰੀਕਾ), ਰਮਨੀ ਬਤਰਾ, ਬਲਵਿੰਦਰ ਕੌਰ ਚੱਠਾ, ਤ੍ਰਿਪਤਾ ਸੋਢੀ, ਰਮਿੰਦਰ ਵਾਲੀਆ, ਗੋਗਣਾ ਅਤੇ ਸਮੂਹ ਪ੍ਰਬੰਧਕ ਟੀਮ ਦੀ ਅਣਥੱਕ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ।
ਵਿਸ਼ੇਸ਼ ਸੱਦੇ ’ਤੇ ਅੰਮ੍ਰਿਤਸਰ ਤੋਂ ਪਹੁੰਚੇ ਭੁਪਿੰਦਰ ਸਿੰਘ ਵਾਲੀਆ ਨੇ ਆਪਣੇ ਵਿਚਾਰ ਅਤੇ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਪਹਿਲੇ ਦਿਨ ਦੇ ਵਿਦਵਤਾਪੂਰਨ ਸੈਸ਼ਨਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਦਕਿ ਕਵੀ ਦਰਬਾਰ ਵਿੱਚ ਕਰੀਬ 40 ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਕਾਨਫਰੰਸ ਵਿੱਚ ਵਿਦਵਾਨਾਂ ਦੇ ਨਾਲ-ਨਾਲ ਸਮਾਜਿਕ, ਸਾਹਿਤਕ ਅਤੇ ਰਾਜਨੀਤਿਕ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਪੰਜ ਸੰਸਦ ਮੈਂਬਰ ਵੀ ਸ਼ਾਮਲ ਸਨ। ਆਖਰੀ ਦਿਨ ਰੋਜ਼ ਥੀਏਟਰ ਵਿੱਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਭੰਗੜਾ ਅਤੇ ਮਹਿਮਾਨਾਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਅਮਰੀਕਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜਸੇਵੀ ਦਰਸ਼ਨ ਸਿੰਘ ਧਾਲੀਵਾਲ ਸਨ, ਜਿਨ੍ਹਾਂ ਨੇ ਕਾਨਫਰੰਸ ਲਈ 15 ਹਜ਼ਾਰ ਡਾਲਰ ਦਾ ਯੋਗਦਾਨ ਦਿੱਤਾ।
ਤਿੰਨੋਂ ਦਿਨਾਂ ਦੌਰਾਨ ਮਹਿਮਾਨਾਂ ਲਈ ਚਾਹ-ਪਾਣੀ, ਸਨੈਕਸ, ਲੰਚ ਅਤੇ ਡਿਨਰ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਮੀਡੀਆ ਵੱਲੋਂ ਵੀ ਸਮੂਹ ਪ੍ਰੋਗਰਾਮ ਦੀ ਵਿਸਤ੍ਰਿਤ ਅਤੇ ਪ੍ਰਭਾਵਸ਼ਾਲੀ ਕਵਰੇਜ ਕੀਤੀ ਗਈ।

ਕਾਨਫਰੰਸ ਦੀ ਸਮਾਪਤੀ ਉਪਰੰਤ ਦੇਸ਼-ਵਿਦੇਸ਼ ਤੋਂ ਪਹੁੰਚੇ ਮਹਿਮਾਨਾਂ ਨੂੰ ਵਿਸ਼ੇਸ਼ ਬੱਸ ਰਾਹੀਂ ਕੈਨੇਡਾ ਦੀ ਰਾਜਧਾਨੀ ਓਟਵਾ ਵਿਖੇ ਸੰਸਦ ਭਵਨ ਦਾ ਦੌਰਾ ਕਰਵਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ।
ਸਮਾਪਤੀ ਸਮੇਂ ਪ੍ਰਬੰਧਕਾਂ ਨੇ ਇਹ ਅਹਿਦ ਦੁਹਰਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਵਿਸ਼ਵ ਪੱਧਰ ’ਤੇ ਇਸ ਦੀ ਮਜ਼ਬੂਤੀ ਲਈ ਅਜਿਹੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
















