ਕਸ਼ਯਪ ਮਹਿਰਾ ਵੈਲਫੇਅਰ ਬੋਰਡ ਦੇ ਗਠਨ ਦੀ ਕੀਤੀ ਮੰਗ
ਅੰਮ੍ਰਿਤਸਰ, 21 ਜੁਲਾਈ (ਫੁੱਲਜੀਤ ਸਿੰਘ ਵਰਪਾਲ/ਮਨਜੀਤ ਸਿੰਘ ਮਹਿਰਾ) – ਕਸ਼ਯਪ ਮਹਿਰਾ ਸਮਾਜ ਦੇ ਇੱਕ ਵਫ਼ਦ ਨੇ ਸਮਾਜ ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨਾਲ ਮੁਲਾਕਾਤ ਕਰਕੇ ਕਸ਼ਯਪ ਮਹਿਰਾ ਸਮਾਜ ਲਈ ਵੈਲਫੇਅਰ ਬੋਰਡ ਦੇ ਗਠਨ ਦੀ ਮੰਗ ਸਬੰਧੀ ਮੰਗ ਪੱਤਰ ਸੌਂਪਿਆ।
ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਕਸ਼ਯਪ ਮਹਿਰਾ ਸਮਾਜ ਦੀ ਪੰਜਾਬ ਵਿੱਚ ਕਰੀਬ 40 ਲੱਖ ਦੀ ਆਬਾਦੀ ਹੈ ਅਤੇ ਇਹ ਭਾਈਚਾਰਾ ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀ) ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਨੇ ਸਮਾਜ ਨੂੰ ਰਾਜਨੀਤਿਕ ਅਤੇ ਸਮਾਜਿਕ ਪੱਧਰ ’ਤੇ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਖ-ਵੱਖ ਭਾਈਚਾਰਿਆਂ ਲਈ ਵੈਲਫੇਅਰ ਬੋਰਡ ਬਣਾਏ ਜਾ ਰਹੇ ਹਨ, ਜਿਸ ਨਾਲ ਕਸ਼ਯਪ ਮਹਿਰਾ ਸਮਾਜ ਨੂੰ ਵੀ ਉਮੀਦ ਜਾਗੀ ਹੈ ਕਿ ਪੰਜਾਬ ਸਰਕਾਰ ਜਲਦ ਹੀ ਉਨ੍ਹਾਂ ਲਈ ਵੀ ਕਸ਼ਯਪ ਮਹਿਰਾ ਵੈਲਫੇਅਰ ਬੋਰਡ ਦਾ ਗਠਨ ਕਰੇਗੀ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਸਮਾਜ ਦੀ ਇਸ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਨ ਤੱਕ ਪਹੁੰਚਾਉਣਗੇ ਅਤੇ ਵੈਲਫੇਅਰ ਬੋਰਡ ਦੇ ਗਠਨ ਲਈ ਪੂਰਾ ਯਤਨ ਕਰਨਗੇ।
ਇਸ ਮੌਕੇ ਕਸ਼ਯਪ ਮਹਿਰਾ ਸਮਾਜ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਸਿਰੋਪਾ ਅਤੇ ਬਾਬਾ ਹਿੰਮਤ ਸਿੰਘ ਜੀ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਜਿੰਦਰ ਸਿੰਘ ਸਫ਼ਰ, ਪਰਮਜੀਤ ਸਿੰਘ ਕਾਰਾਂ ਵਾਲੇ, ਬਲਦੇਵ ਸਿੰਘ (ਪ੍ਰਧਾਨ), ਸੁਖਦੇਵ ਰਾਜ ਪਹਿਲਵਾਨ, ਸੁਰਿੰਦਰ ਭੰਗਲ (ਗੜਸ਼ੰਕਰ), ਹਰਬੰਸ ਲਾਲ (ਗੜਸ਼ੰਕਰ), ਕੈਪਟਨ ਹਰਜੀਤ ਸਿੰਘ, ਕੁਲਦੀਪ ਰਾਜ (ਪ੍ਰਧਾਨ), ਹਰਜੀਤ ਸਿੰਘ ਮਜਾਰੀ, ਹਰਦੀਪ ਸਿੰਘ ਸੰਘਾ ਸਮੇਤ ਹੋਰ ਆਗੂ ਅਤੇ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ।
















