ਧੀਆਂ ਨੂੰ ਆਤਮਨਿਰਭਰ ਬਣਾਉਣ ’ਤੇ ਹੋਇਆ ਮੰਥਨ
ਗੁਰਦਾਸਪੁਰ, 13 ਜੁਲਾਈ (ਕੇ.ਐਲ. ਜੀਤ ਵਾਲੀਆ): ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਬਿੰਦੀਆ ਦੀ ਅਗਵਾਈ ਹੇਠ ਗੁਰਦਾਸਪੁਰ ਵਿਖੇ ਮਹਿਲਾ ਕਾਰਕੁਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦਾ ਉਦੇਸ਼ ਮਹਿਲਾਵਾਂ ਨੂੰ ਜਾਗਰੂਕ ਕਰਨਾ ਅਤੇ ਧੀਆਂ ਨੂੰ ਆਤਮਨਿਰਭਰ ਤੇ ਸਸ਼ਕਤ ਬਣਾਉਣ ਲਈ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ’ਤੇ ਵਿਚਾਰ-ਵਟਾਂਦਰਾ ਕਰਨਾ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਿੰਦੀਆ ਨੇ ਕਿਹਾ ਕਿ ਸਮਾਜ ਦੀ ਤਰੱਕੀ ਉਸ ਵੇਲੇ ਹੀ ਸੰਭਵ ਹੈ ਜਦੋਂ ਧੀਆਂ ਨੂੰ ਸਿੱਖਿਆ, ਆਤਮ-ਵਿਸ਼ਵਾਸ ਅਤੇ ਆਤਮਨਿਰਭਰ ਬਣਨ ਦੇ ਭਰਪੂਰ ਮੌਕੇ ਮਿਲਣ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਧੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਉਸਾਰੀ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਇਸ ਮੌਕੇ ਧੀਆਂ ਦੇ ਸੁਨਹਿਰੇ ਭਵਿੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਕੇਕ ਕੱਟ ਕੇ ਖੁਸ਼ੀਆਂ ਮਨਾਈਆਂ ਗਈਆਂ। ਹਾਜ਼ਰ ਮਹਿਲਾਵਾਂ ਨੇ ਧੀਆਂ ਦੇ ਸਸ਼ਕਤੀਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ।
ਇਸ ਮੌਕੇ ਮਹਿਲਾ ਮੋਰਚਾ ਦੀ ਮਹਾਂਮੰਤਰੀ ਰੇਣੂ ਬਾਲਾ, ਉਪ ਪ੍ਰਧਾਨ ਅੰਜੂ, ਉਪ ਪ੍ਰਧਾਨ ਰਜਵੰਤ ਕੌਰ, ਕਾਰਜਕਾਰਨੀ ਮੈਂਬਰ ਭੱਠੀ ਜੀ, ਰੂਪਿੰਦਰ ਕੌਰ, ਕਮਲਾ ਦੇਵੀ, ਸੁਸ਼ਮਾ, ਮੋਨਿਕਾ, ਪਰਮਜੀਤ ਕੌਰ (ਪੰਮੀ) ਸਮੇਤ ਹੋਰ ਮਹਿਲਾ ਕਾਰਕੁਨ ਹਾਜ਼ਰ ਸਨ।
















