ਅੰਮ੍ਰਿਤਸਰ (ਕੇ.ਐਲ. ਜੀਤ ਵਾਲੀਆ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਸ. ਬਿਕਰਮ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਪਹਿਲਵਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਅੱਜ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਮਜੀਠਾ ਰੋਡ ਸਥਿਤ ਪਾਵਰ ਕਾਲੋਨੀ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਹਲਕਾ ਨੋਰਥ ਦੇ ਮੁਖ ਸੇਵਾਦਾਰ ਆਰ.ਪੀ. ਸਿੰਘ ਮੈਣੀ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਸਰਕਲ ਪ੍ਰਧਾਨਾਂ, ਅਹੁਦੇਦਾਰਾਂ, ਸਰਪੰਚਾਂ, ਵਾਰਡ ਇੰਚਾਰਜਾਂ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਤਿੱਖੀ ਗਰਮੀ ਦੌਰਾਨ ਲਗਾਤਾਰ ਬਿਜਲੀ ਕੱਟਾਂ ਨੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਵਿੱਚ ਧੱਕ ਦਿੱਤਾ ਹੈ। ਉਦਯੋਗ ਠੱਪ ਹੋ ਰਹੇ ਹਨ, ਮੁਲਾਜ਼ਮ ਪ੍ਰਭਾਵਿਤ ਹਨ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਆ ਰਹੀ ਹੈ ਅਤੇ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬਿਜਲੀ ਕੱਟਾਂ ਕਾਰਨ ਪਾਣੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੀ ਸਰਕਾਰ ਦੌਰਾਨ ਪੰਜਾਬ ਬਿਜਲੀ ਸਰਪਲਸ ਸੂਬਾ ਸੀ, ਪਰ 2017 ਤੋਂ ਬਾਅਦ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਬਜਾਏ ਕਰਜ਼ਾ ਵਧਾਇਆ ਗਿਆ ਹੈ ਅਤੇ ਲੋਕ ਮੂਲ ਸਹੂਲਤਾਂ ਤੋਂ ਵੀ ਵਾਂਝੇ ਹੋ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਗ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਲੰਬੇ ਕੱਟਾਂ ਕਾਰਨ ਹੋਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਬਲਵਿੰਦਰ ਸਿੰਘ ਤੁੰਗ, ਪਵਨ ਕੁਮਾਰ ਹੈਪੀ, ਸੰਦੀਪ ਸਿੰਘ ਭੁੱਲਰ ਐਡਵੋਕੇਟ, ਬਲਜੀਤ ਸਿੰਘ, ਅਮਨਦੀਪ ਸਿੰਘ ਚੰਦੀ, ਸ਼ਮਸ਼ੇਰ ਸਿੰਘ ਸ਼ੇਰਾ, ਮਹੇਸ਼ ਵਰਮਾ, ਕਮਲ ਬੰਗਾਲੀ, ਜਗਜੀਤ ਸਿੰਘ ਸਵੀਟੀ ਖਾਲਸਾ, ਡਾ. ਬਲਕਾਰ ਨਾਇਰ, ਨਰਿੰਦਰ ਸਿੰਘ, ਵਿਕਰਮ ਸਿੰਘ ਗਿੱਲ, ਦੀਪਕ ਸ਼ੈਲੀ, ਜਸਪ੍ਰੀਤ ਸਿੰਘ, ਸਤਪਾਲ ਸਿੰਘ ਮੋਹਾਰ, ਅਜੈ ਕੁਮਾਰ, ਗੁਰਦਿੱਤ ਸਿੰਘ, ਦਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਪੰਨਾ ਲਾਲ, ਹਰਦਿਆਲ ਸਿੰਘ, ਬਸ਼ੀਰ ਸਿੰਘ ਸਮੇਤ ਹੋਰ ਵਰਕਰ ਮੌਜੂਦ ਰਹੇ।
















