ਅੰਮ੍ਰਿਤਸਰ, 30 ਅਪ੍ਰੈਲ (ਕੇ.ਐਲ. ਜੀਤ ਵਾਲੀਆ, ਫੁੱਲਜੀਤ ਸਿੰਘ ਵਰਪਾਲ) — ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਨਰਿੰਦਰ ਬਹਿਲ ਦੀ ਅਗਵਾਈ ਹੇਠ ਗੇਟ ਹਕੀਮਾਂ ਸਥਿਤ 132 ਕੇਵੀ ਬਿਜਲੀ ਘਰ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਨਾਲ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਬਹਿਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਅੱਜ ਪੰਜਾਬ ਭਰ ਵਿੱਚ ਬਿਜਲੀ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਮੰਗ ਪੱਤਰ ਵੀ ਸੌਂਪੇ ਜਾ ਰਹੇ ਹਨ, ਤਾਂ ਜੋ ਸਰਕਾਰ ਨੂੰ ਜਗਾ ਕੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਰਾਹਤ ਦਿਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਗਰਮੀ ਦੀ ਸਿਰਫ ਸ਼ੁਰੂਆਤ ਵਿੱਚ ਹੀ ਸਰਕਾਰ ਬਿਜਲੀ ਸਪਲਾਈ ਬਰਕਰਾਰ ਰੱਖਣ ਵਿੱਚ ਨਾਕਾਮ ਰਹੀ ਹੈ, ਜਦਕਿ ਆਉਣ ਵਾਲੀ ਤਿੱਖੀ ਗਰਮੀ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਨੇ ਸਵਾਲ ਉਠਾਇਆ ਕਿ ਕਿਸਾਨ ਬਿਨਾਂ ਬਿਜਲੀ ਦੇ ਝੋਨਾ ਕਿਵੇਂ ਬੀਜਣਗੇ, ਵਿਦਿਆਰਥੀ ਬਿਨਾਂ ਬਿਜਲੀ ਦੇ ਪੜ੍ਹਾਈ ਕਿਵੇਂ ਕਰਨਗੇ ਅਤੇ ਨੌਕਰੀਪੇਸ਼ਾ ਲੋਕ ਆਪਣੇ ਕੰਮ ਕਿਵੇਂ ਨਿਭਾਉਣਗੇ।
ਨਰਿੰਦਰ ਬਹਿਲ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿਜਲੀ ਕੱਟਾਂ ਨੂੰ ਮੇਨਟੇਨੈਂਸ ਦੇ ਨਾਂ ‘ਤੇ ਜਾਇਜ਼ ਠਹਿਰਾਉਣਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਨਟੇਨੈਂਸ ਕਰਨੀ ਸੀ ਤਾਂ ਇਹ ਕੰਮ ਸਰਦੀਆਂ ਦੇ ਮੌਸਮ ਵਿੱਚ ਕੀਤਾ ਜਾ ਸਕਦਾ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਪੰਜਾਬ ਬਿਜਲੀ ਸਰਪਲਸ ਸੂਬਾ ਸੀ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਜਾਵੇ, ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀ ਰਾਹ ‘ਤੇ ਲਿਆਂਦਾ ਜਾ ਸਕੇ।
ਇਸ ਮੌਕੇ ਸਰਕਲ ਪ੍ਰਧਾਨ ਸੈਂਟਰਲ ਇਕਬਾਲ ਸਿੰਘ ਪਸਰੀਚਾ, ਅਮਰਜੀਤ ਸਿੰਘ ਢਿੱਲੋ, ਪ੍ਰਭਜੋਤ ਸਿੰਘ, ਆਜ਼ਾਦ ਢਿੱਲੋਂ, ਨਿਰਮਲ ਸਿੰਘ, ਵਾਇਸ ਪ੍ਰਧਾਨ ਸਾਹਿਲ, ਬੀਬੀ ਮੁਟਿਆਰ, ਮੈਡਮ ਪਰਵਿੰਦਰ, ਕਰਨੈਲ ਸਿੰਘ, ਵਿਸ਼ਾਲ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।
















