ਅੰਮ੍ਰਿਤਸਰ, 20 ਮਈ (ਕੇ.ਐਲ. ਜੀਤ ਵਾਲੀਆ)-ਪੰਜਾਬ ਅਤੇ ਵਿਸੇਸ਼ ਕਰਕੇ ਅੰਮ੍ਰਿਤਸਰ ਦੇ ਵਪਾਰ ਅਤੇ ਕਾਰੋਬਾਰ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਅਤੇ ਹੋਰ ਪ੍ਰਫੁੱਲਿਤ ਕਰਨ ਲਈ ਜਦੋਜਹਿਦ ਕਰ ਰਹੀ ਵਿਸ਼ਵ ਪੱਧਰੀ ਜਥੇਬੰਦੀ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਆਗੂਆਂ ਪਰਮੀਤ ਸਿੰਘ ਚੱਢਾ ਅਤੇ ਰਜਿੰਦਰ ਸਿੰਘ ਮਰਵਾਹਾ ਸਮੇਤ ਸਰਗਰਮ ਮੈਂਬਰਾਂ ਵੱਲੋਂ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਚੌਂਕ ਘੰਟਾ ਘਰ ਦੇ ਪਲਾਜ਼ਾ ਵਿਖੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਜੀ ਮਿਹਰਾਮਤਿ ਕਰਨ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਸੀ ਗੱਲਬਾਤ ਰਾਹੀਂ ਅਟਾਰੀ ਵਾਘਾ ਸਰਹੱਦ ਰਾਹੀਂ ਵਪਾਰ ਅਤੇ ਕਾਰੋਬਾਰ ਮੁੜ ਸ਼ੁਰੂ ਹੋ ਸਕੇ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਕਸਰ ਆਪਣੇ ਉਸਾਰੂ ਸੰਕਲਪ ਬਾਰੇ ਅੰਤਰਰਾਸ਼ਟਰੀ ਪੱਧਰ ਤੇ ਵਿਖਿਆਨ ਕਰਦੇ ਹਨ ਕਿ ਜੰਗ ਯੁੱਧ ਕਿਸੇ ਵਾਦ ਵਿਵਾਦ ਦਾ ਹੱਲ ਨਹੀਂ ਬਲਕਿ ਮੁਲਕਾਂ ਦੇ ਆਪਸੀ ਮਸਲੇ ਕੂਟਨੀਤੀ ਅਪਣਾਉਂਦਿਆਂ ਹੋਇਆਂ ਗੱਲਬਾਤ ਦੀ ਮੇਜ਼ ਤੇ ਹੱਲ ਕਰਨੇ ਚਾਹੀਦੇ ਹਨ। ਸੋ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਤਣਾਅ ਭਰਿਆ ਮਾਹੌਲ ਖ਼ਤਮ ਕਰਕੇ ਭਾਰਤ ਦਾ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਕੇਂਦਰੀ ਏਸ਼ੀਅਨ ਦੇਸ਼ਾਂ ਨਾਲ ਆਪਸੀ ਵਪਾਰ ਅਟਾਰੀ ਵਾਘਾ ਸਰਹੱਦ ਰਾਹੀਂ ਮੁੜ ਤੋਂ ਸ਼ੁਰੂ ਕੀਤਾ ਜਾਵੇ।
ਵਰਨਣਯੋਗ ਹੈ ਕਿ ਫਰਵਰੀ 2019 ਵਿੱਚ ਵਾਪਰੇ ਪੁਲਵਾਮਾ ਕਾਂਡ ਤੋਂ ਪਹਿਲਾਂ ਭਾਰਤ ਅਤੇ ਖ਼ਾਸ ਕਰਕੇ ਅੰਮ੍ਰਿਤਸਰ ਦੇ ਵਪਾਰੀਆਂ ਕਾਰੋਬਾਰੀਆਂ ਦਾ ਪਾਕਿਸਤਾਨ ਅਫ਼ਗ਼ਾਨਿਸਤਾਨ ਆਦਿ ਦੇਸ਼ਾਂ ਨਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਵਪਾਰ ਹੁੰਦਾ ਸੀ ਜਿਸ ਸਦਕਾ ਸਰਹੱਦੀ ਖੇਤਰ ਅੰਮ੍ਰਿਤਸਰ ਦੇ ਟਰਾਂਸਪੋਰਟਰ, ਮਜ਼ਦੂਰ, ਕੁੱਲੀ, ਛੋਟੇ ਦੁਕਾਨਦਾਰ ਅਤੇ ਮੁਲਾਜ਼ਮ ਆਦਿ ਬਰਸਰੇ-ਰੁਜ਼ਗਾਰ ਸਨ ,ਜੋ ਅਜੋਕੇ ਸਮੇਂ ਏਕੀਕ੍ਰਿਤ ਚੈੱਕ ਪੋਸਟ ਅਟਾਰੀ ਰਾਹੀਂ ਆਪਸੀ ਵਪਾਰ ਬੰਦ ਹੋਣ ਕਾਰਨ ਬਿਲਕੁਲ ਬੇਰੁਜ਼ਗਾਰ ਹਨ ਅਤੇ ਹਾਲਾਤਾਂ ਨੂੰ ਕੋਸ ਰਹੇ ਹਨ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੇ ਲਾਹੌਰ, ਕਸੂਰ ਅਤੇ ਪੱਟੀ ਆਦਿ ਵੱਖ ਵੱਖ ਥਾਵਾਂ ਤੋਂ ਬਵੰਜਾ ਕਾਰੋਬਾਰਾਂ ਨਾਲ ਸਬੰਧਤ ਉੱਦਮੀਆਂ ਨੂੰ ਅੰਮ੍ਰਿਤਸਰ ਵਿਖੇ ਵਸਾਇਆ ਸੀ, ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਅਟਾਰੀ ਵਾਘਾ ਸਰਹੱਦ ਰਾਹੀਂ ਵਪਾਰ ਕਾਰੋਬਾਰ ਮੁੜ ਸ਼ੁਰੂ ਹੋਣ ਲਈ ਸਾਜ਼ਗਾਰ ਹਾਲਾਤ ਸਿਰਜੇ ਜਾਣ ਤਾਂ ਕਿ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ ਆਰਥਿਕ ਖੁਸ਼ਹਾਲੀ ਦਾ ਪਸਾਰਾ ਹੋਵੇ। ਪਰਮੀਤ ਸਿੰਘ ਚੱਢਾ ਅਤੇ ਰਜਿੰਦਰ ਸਿੰਘ ਮਰਵਾਹਾ ਦੇ ਸਾਥ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਭਾਟੀਆ,ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਬਲਦੇਵ ਸਿੰਘ ਰੰਧਾਵਾ ਨੈਸ਼ਨਲ ਚੇਅਰਮੈਨ ਕਾਨੂੰਨੀ ਅਧਿਕਾਰ ਸੁਰੱਖਿਆ, ਡਾ. ਅਮਰਜੀਤ ਸਿੰਘ ਸਚਦੇਵਾ, ਸੀ.ਏ. ਅਮਰਜੀਤ ਸਿੰਘ ਨਾਰੰਗ,ਐਡਵੋਕੇਟ ਤੇਗ਼ ਬ੍ਰਦਰਜ਼, ਰੀਅਲ ਅਸਟੇਟ ਕਾਰੋਬਾਰੀ ਅਮਨਦੀਪ ਸਿੰਘ, ਆਰਕੀਟੈਕਟ ਜੱਜਬੀਰ ਸਿੰਘ, ਸ਼ੁਭ ਦੁੱਗਲ, ਚੈੱਫ ਅਰੁਨਦੀਪ ਸਿੰਘ, ਲਵਪ੍ਰੀਤ ਸਿੰਘ ਚੀਮਾ, ਰੁਪਿੰਦਰ ਸਿੰਘ ਕਟਾਰੀਆ, ਮਨਦੀਪ ਸਿੰਘ, ਵਿਕਰਮ ਬੱਗਾ, ਗੁਰਜੀਤ ਸਿੰਘ ਨੋਗਰਾ, ਜੈਇੰਦਰਪਾਲ ਸਿੰਘ, ਸੁਮੀਤ ਸਿੰਘ, ਤੇਜਦੀਪ ਸਿੰਘ ਸੋਖੀ, ਸ਼ਸ਼ੀ ਜੀ, ਗੁਰਵਿੰਦਰ ਸਿੰਘ ,ਕੀਰਤ ਸਿੰਘ, ਰਣਜੀਤ ਸਿੰਘ, ਇਕਬਾਲਜੀਤ ਸਿੰਘ, ਗੁਰਮੋਹਨ ਸਿੰਘ, ਰਮਣੀਕ ਸਿੰਘ, ਦਲਜੀਤ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਰਾਜਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਹੋਏ।
ਅਰਦਾਸ ਬੇਨਤੀ ਤੋਂ ਬਾਅਦ ਸਾਰੇ ਹਾਜ਼ਰੀਨ ਵੱਲੋਂ ਪਰਮੀਤ ਸਿੰਘ ਚੱਢਾ ਅਤੇ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਹੇਠ ਚੌਂਕ ਘੰਟਾ ਘਰ ਤੋਂ ਵਿਰਾਸਤੀ ਮਾਰਗ ਸਥਿਤ ਮਹਾਰਾਜਾ ਰਣਜੀਤ ਸਿੰਘ ਚੌਂਕ ਤਕ ਇੱਕ ਸਫ਼ਲ ਅਤੇ ਅਨੁਸ਼ਾਸਿਤ ਮਾਰਚ ਕੀਤਾ ਗਿਆ।
















