ਅੰਮ੍ਰਿਤਸਰ, 16 ਮਈ (ਕੇ.ਐਲ. ਜੀਤ ਵਾਲੀਆ) — ਹਲਕਾ ਅੰਮ੍ਰਿਤਸਰ ਪੂਰਬੀ ਦੇ ਵੇਰਕਾ ਸਥਿਤ ਵਾਰਡ ਨੰਬਰ 18 ਵਿੱਚ ਬਲਾਕ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਚੇਅਰਮੈਨ ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਇਲਾਕੇ ਦੀਆਂ ‘ਸਖੀਆਂ’ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ।
ਮੀਟਿੰਗ ਦੌਰਾਨ ਵਿਧਾਇਕ ਜੀਵਨਜੋਤ ਕੌਰ ਵੱਲੋਂ ਪੰਜਾਬ ਸਰਕਾਰ ਦੀ ਲੋਕ ਭਲਾਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਨੂੰ ਕਿੱਟਾਂ ਦੀ ਵੰਡ ਕੀਤੀ ਗਈ। ਇਸ ਦੇ ਨਾਲ ਹੀ ਯੋਜਨਾ ਨਾਲ ਸੰਬੰਧਿਤ ਫਾਰਮਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰਵਾਈ ਗਈ, ਜਿਸ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਰੁਚੀ ਦਿਖਾਈ।
ਇਸ ਮੌਕੇ ਮੈਡਮ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਮਾਜ ਦੀ ਹਰ ਮਹਿਲਾ ਅਤੇ ਧੀ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਹੈ ਤਾਂ ਜੋ ਉਹ ਆਤਮਨਿਰਭਰ ਬਣ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੈ।ਉਨ੍ਹਾਂ ਪਾਰਟੀ ਦੀ ਮਜ਼ਬੂਤੀ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਪਿਆਰ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਮਹਿਲਾਵਾਂ, ਪਾਰਟੀ ਵਰਕਰ ਅਤੇ ਇਲਾਕੇ ਦੇ ਗਣਮਾਨਯ ਵਿਅਕਤੀ ਹਾਜ਼ਰ ਸਨ।
















