ਅੰਮ੍ਰਿਤਸਰ, 12 ਸਤੰਬਰ (ਕੇ.ਐਲ. ਜੀਤ ਵਾਲੀਆ):
ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਉਪ ਪ੍ਰਧਾਨ ਐਡਵੋਕੇਟ ਦਵਿੰਦਰ ਕੌਰ ਬੇਦੀ ਨੇ ਆਪਣੀ ਜਿੱਤ ਲਈ ਸਮੂਹ ਸੀਨੀਅਰ ਵਕੀਲਾਂ, ਜੂਨੀਅਰ ਵਕੀਲਾਂ ਅਤੇ ਸਾਥੀ ਵਕੀਲਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਪੂਰੇ ਬਾਰ ਦੀ ਸਾਂਝੀ ਜਿੱਤ ਹੈ।
ਐਡਵੋਕੇਟ ਦਵਿੰਦਰ ਕੌਰ ਬੇਦੀ ਨੇ ਕਿਹਾ ਕਿ ਸਾਥੀ ਵਕੀਲਾਂ ਵੱਲੋਂ ਦਿੱਤੇ ਪਿਆਰ, ਭਰੋਸੇ, ਸਮਰਥਨ ਅਤੇ ਕੀਮਤੀ ਵੋਟ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਨਿਮਰਤਾ, ਸਮਰਪਣ ਅਤੇ ਦ੍ਰਿੜਤਾ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਬਾਰ ਦੇ ਵਕੀਲਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੀ ਭਲਾਈ, ਸਨਮਾਨ ਅਤੇ ਏਕਤਾ ਲਈ ਕੰਮ ਕਰਨਗੇ। ਉਨ੍ਹਾਂ ਦਾ ਮੁੱਖ ਉਦੇਸ਼ ਸੀਨੀਅਰ ਵਕੀਲਾਂ ਦਾ ਸਨਮਾਨ ਕਾਇਮ ਰੱਖਣ ਦੇ ਨਾਲ-ਨਾਲ ਜੂਨੀਅਰ ਵਕੀਲਾਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਅਤੇ ਬਾਰ ਦੇ ਵਿਕਾਸ ਲਈ ਸਾਂਝੇ ਤੌਰ ’ਤੇ ਕੰਮ ਕਰਨਾ ਹੈ।
ਐਡਵੋਕੇਟ ਬੇਦੀ ਨੇ ਕਿਹਾ ਕਿ “ਤੁਹਾਡਾ ਭਰੋਸਾ ਮੇਰੀ ਤਾਕਤ ਹੈ ਅਤੇ ਤੁਹਾਡਾ ਸਮਰਥਨ ਮੇਰੀ ਜ਼ਿੰਮੇਵਾਰੀ ਹੈ।” ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮੂਹ ਵਕੀਲਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ, ਇਕਜੁੱਟ ਅਤੇ ਤਰੱਕੀਸ਼ੀਲ ਬਣਾਉਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ।
















