ਵਪਾਰੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਸਥਾਈ PCR ਸਹੂਲਤ ਦੇਣ ਦਾ ਅਹਿਮ ਫੈਸਲਾ
ਅੰਮ੍ਰਿਤਸਰ, 7 ਸਤੰਬਰ (ਕੇ. ਐਲ. ਜੀਤ ਵਾਲੀਆ)-
ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਹਿਲ ਖੰਨਾ ਦੀ ਅਗਵਾਈ ਅਤੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰੂ ਨਾਨਕ ਬਾਜ਼ਾਰ (ਲੰਡਾ ਬਾਜ਼ਾਰ) ਵਿਖੇ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਸੁਰੱਖਿਆ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਪੰਜਾਬ ਸਰਕਾਰ, ਡੀ.ਜੀ.ਪੀ. ਪੰਜਾਬ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਆਯੋਜਿਤ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਗੁਰੂ ਨਾਨਕ ਮਾਰਕੀਟ ਦੇ ਪ੍ਰਧਾਨ ਗੋਰਾ ਜੀ ਨੇ ਕੀਤੀ। ਇਸ ਮੌਕੇ ਮਾਰਕੀਟ ਨਾਲ ਸਬੰਧਤ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਦੇ ਪ੍ਰਧਾਨਾਂ, ਅਹੁਦੇਦਾਰਾਂ ਅਤੇ ਪ੍ਰਮੁੱਖ ਵਪਾਰੀਆਂ ਨੇ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ, ਸੁਝਾਅ ਅਤੇ ਸੁਰੱਖਿਆ ਸਬੰਧੀ ਮੰਗਾਂ ਰੱਖੀਆਂ।
ਏ.ਸੀ.ਪੀ. ਨੌਰਥ ਗਗਨਦੀਪ ਸਿੰਘ ਅਤੇ ਐਸ.ਐਚ.ਓ. ਮੋਹਿਤ ਕੁਮਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਈ ਮਾਮਲਿਆਂ ਦੇ ਹੱਲ ਲਈ ਮੌਕੇ ’ਤੇ ਹੀ ਭਰੋਸਾ ਦਿਵਾਇਆ। ਵਪਾਰੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਬਾਜ਼ਾਰ ਵਿੱਚ ਸਥਾਈ PCR ਸਹੂਲਤ ਉਪਲਬਧ ਕਰਵਾਉਣ ਦਾ ਅਹਿਮ ਫੈਸਲਾ ਵੀ ਲਿਆ ਗਿਆ, ਜਿਸ ਦਾ ਵਪਾਰੀਆਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜੇਸ਼ ਵਾਸਨ, ਗੌਰਵ ਅਰੋੜਾ ਅਤੇ ਡਿੰਪੀ ਚੌਹਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਵਪਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਬਣਾਉਣ, ਮਾਰਕੀਟ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਕਰਨ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਇਸ ਮੌਕੇ ਗੁਰੂ ਨਾਨਕ ਮਾਰਕੀਟ ਦੇ ਪ੍ਰਧਾਨ ਗੋਰਾ ਜੀ, ਵੀਰ ਦੀ ਹੱਟੀ , ਮਾਰਕੀਟ ਨਾਲ ਸਬੰਧਤ ਨੁਮਾਇੰਦੇ, ਚੀਨੀ ਪਾਜੀ, ਵੀਰ ਜੀ, ਸੁਜਲ ਸਾਹਿਬ, ਸੰਨੀ ਕੁਮਾਰ, ਪਵਨ ਕੁਮਾਰ, ਰਾਜਬੀਰ ਸਿੰਘ, ਸੁਸ਼ੀਲ ਮਲਹੋਤਰਾ, ਕੁਲਦੀਪ ਸਿੰਘ, ਚਿਰਾਗ ਅਤੇ ਖਾਣਾ ਜੀ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਰਹੇ।
ਇਸ ਮੌਕੇ ਰਾਹਿਲ ਖੰਨਾ ਨੇ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ. ਪੰਜਾਬ, ਪੁਲਿਸ ਪ੍ਰਸ਼ਾਸਨ ਅਤੇ ਹਲਕਾ ਇੰਚਾਰਜ ਸਰਦਾਰ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ, ਸਹੂਲਤ ਅਤੇ ਸਨਮਾਨ ਟ੍ਰੇਡਰਜ਼ ਕਮਿਸ਼ਨ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਦਿਆਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟ੍ਰੇਡਰਜ਼ ਕਮਿਸ਼ਨ ਭਵਿੱਖ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ।
















