ਗਊ ਰੱਖਿਆ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਅਤੇ ਗਊਸ਼ਾਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ
ਅੰਮ੍ਰਿਤਸਰ, 27 ਜੁਲਾਈ (ਕੇ.ਐਲ. ਜੀਤ ਵਾਲੀਆ):
ਗਊ ਮਾਤਾ ਦੇ ਸਨਮਾਨ ਅਤੇ ਸੰਰੱਖਣ ਦੀ ਮੰਗ ਨੂੰ ਲੈ ਕੇ “ਗਊ ਸਨਮਾਨ ਆਹਵਾਨ ਅਭਿਆਨ” ਦੇ ਬੈਨਰ ਹੇਠ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਹ ਪ੍ਰੋਗਰਾਮ ਕਰਤਾਰ ਨਗਰ, ਛੇਹਰਟਾ ਦੇ ਆਰਤੀ ਦੇਵਾ ਜੀ ਦੀ ਸਰਪ੍ਰਸਤੀ ਅਤੇ ਪ੍ਰਸਿੱਧ ਸਮਾਜਸੇਵੀ ਸਤੀਸ਼ ਬੱਲੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਅਤੇ ਪੁਰਸ਼ ਕਾਰਕੁਨ ਇਕੱਠੇ ਹੋਏ ਅਤੇ “ਗਊ ਮਾਤਾ ਦੀ ਜੈ” ਦੇ ਨਾਅਰੇ ਲਗਾਏ।
ਕਾਰਕੁਨਾਂ ਨੇ ਏਡੀਸੀ ਰੂਪਿੰਦਰ ਪਾਲ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਸੂਬੇ ਵਿੱਚ ਗਊ ਤਸਕਰੀ ’ਤੇ ਪੂਰਨ ਪਾਬੰਦੀ ਲਗਾਈ ਜਾਵੇ, ਆਵਾਰਾ ਪਸ਼ੂਆਂ ਲਈ ਲੋੜੀਂਦੀਆਂ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਗਊ ਰੱਖਿਆ ਸਬੰਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਊਸ਼ਾਲਾਵਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਬੇਸਹਾਰਾ ਗਊਵੰਸ਼ ਦੀ ਸਹੀ ਢੰਗ ਨਾਲ ਦੇਖਭਾਲ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਸੰਤ ਹਰੀ ਨਾਰਾਇਣ ਗਿਰੀ ਜੀ, ਸੰਤ ਇਸਕਾਨ ਮੰਦਰ ਵ੍ਰਿੰਦਾਵਨ ਗਾਰਡਨ, ਪੰਕਜ ਦੇਵੇਸਰ, ਅਰਵਿੰਦ ਸ਼ਰਮਾ (ਗਊ ਰੱਖਿਅਕ), ਪਾਰਸ਼ਦ ਸੁਨੀਤਾ ਸ਼ਰਮਾ, ਪਾਰਸ਼ਦ ਰਜਨੀ ਸ਼ਰਮਾ, ਰਮਨ ਰੰਮੀ, ਡਾ. ਰੋਹਨ ਮਹਿਰਾ, ਵਿਨੈ ਵਸ਼ਿਸ਼ਠ, ਅਨਿਲ ਕੁਮਾਰ ਦਾਰਾ, ਦੀਪਕ ਦੇਵਗਨ, ਐਡਵੋਕੇਟ ਕ੍ਰਿਸ਼ਨਾ ਦੇਵਗਨ, ਮਾਸਟਰ ਤਰਸੇਮ ਲਾਲ, ਰਮਨ ਪੰਡਿਤ, ਅਜੈ ਕੁਮਾਰ, ਅਭਿਸ਼ੇਕ ਆਭੀ, ਸੁਮਿਤ ਸ਼ਾਸਤਰੀ ਜੀ ਅਤੇ ਬਲਵਿੰਦਰ ਬਿੱਲੂ ਜੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਵਕਤਾਵਾਂ ਨੇ ਕਿਹਾ ਕਿ ਗਊ ਮਾਤਾ ਭਾਰਤੀ ਸੰਸਕ੍ਰਿਤੀ, ਸਭਿਆਚਾਰ ਅਤੇ ਖੇਤੀਬਾੜੀ ਦੀ ਅਹਿਮ ਨੀਂਹ ਹੈ ਅਤੇ ਗਊ ਤੋਂ ਬਿਨਾਂ ਭਾਰਤੀ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੌਜਵਾਨਾਂ ਨੂੰ ਗਊ ਸੰਭਾਲ ਅਤੇ ਗਊ ਸੇਵਾ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਸਮਾਜਸੇਵੀ ਸਤੀਸ਼ ਬੱਲੂ ਨੇ ਕਿਹਾ ਕਿ ਅਭਿਆਨ ਦੇ ਅਗਲੇ ਪੜਾਅ ਤਹਿਤ 27 ਅਕਤੂਬਰ 2026 ਨੂੰ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਤੋਂ ਬਾਅਦ ਵੀ ਗਊ ਮਾਤਾ ਦੇ ਸਨਮਾਨ ਅਤੇ ਸੁਰੱਖਿਆ ਲਈ ਢੁੱਕਵੇਂ ਫ਼ੈਸਲੇ ਨਾ ਲਏ ਗਏ ਤਾਂ ਦੇਸ਼ ਭਰ ਦੇ ਗਊ ਸੇਵਕ ਆਮਰਣ ਅਨਸ਼ਨ ਕਰਨ ਲਈ ਮਜਬੂਰ ਹੋਣਗੇ।
















