ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਵਿਸ਼ਵਾਸ ਪੈਦਾ ਹੋਇਆ: ਡਾ. ਇੰਦਰਬੀਰ ਸਿੰਘ ਨਿੱਝਰ
ਅੰਮ੍ਰਿਤਸਰ, 19 ਜੁਲਾਈ (ਫੁੱਲਜੀਤ ਸਿੰਘ ਵਰਪਾਲ/ਸੰਦੀਪ ਸਿੰਘ ਰਾਜੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸਰਬਜੋਤ ਸਿੰਘ ਧੰਜਲ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਦੇ ਗ੍ਰਹਿ ਵਿਖੇ ਸਮਾਗਮ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਰਬਜੋਤ ਸਿੰਘ ਧੰਜਲ ਨੂੰ ਸਨਮਾਨਿਤ ਕੀਤਾ, ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।
ਇਸ ਮੌਕੇ ਡਾ. ਨਿੱਝਰ ਨੇ ਕਿਹਾ ਕਿ ਸਰਬਜੋਤ ਸਿੰਘ ਧੰਜਲ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਵਿਸ਼ਵਾਸ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਧੰਜਲ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਸੰਗਠਨ ਦੀ ਸੇਵਾ ਕੀਤੀ ਹੈ, ਜਿਸ ਦਾ ਸਨਮਾਨ ਕਰਦਿਆਂ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ।
ਡਾ. ਨਿੱਝਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਰਬਜੋਤ ਸਿੰਘ ਧੰਜਲ ਆਪਣੇ ਨਵੇਂ ਅਹੁਦੇ ’ਤੇ ਰਹਿੰਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣਗੇ।
ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸਰਬਜੋਤ ਸਿੰਘ ਧੰਜਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
















