ਅੰਮ੍ਰਿਤਸਰ (ਕੇ. ਐਲ. ਜੀਤ ਵਾਲੀਆ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਕ ਵਾਰ ਫਿਰ ਜਾਨੋਂ ਮਾਰਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਇਕ ਵਿਦੇਸ਼ੀ ਨੰਬਰ ਤੋਂ ਭੇਜੀ ਗਈ ਹੈ, ਜੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਲਈ ਵਰਤਿਆ ਜਾ ਚੁੱਕਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮਜੀਠੀਆ ਨੂੰ ਵਟਸਐਪ ਰਾਹੀਂ ਬਹੁਤ ਹੀ ਧਮਕੀ ਭਰਿਆ ਅਤੇ ਅਪਮਾਨਜਨਕ ਮੈਸੇਜ ਪ੍ਰਾਪਤ ਹੋਇਆ। ਇਸ ਮੈਸੇਜ ਵਿੱਚ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ “ਕੁਝ ਦਿਨ ਹੋਰ ਜ਼ਿੰਦਗੀ ਜੀ ਲਓ, ਟ੍ਰੇਲਰ ਜਲਦੀ ਆਉਣ ਵਾਲਾ ਹੈ।” ਇਸ ਮੈਸੇਜ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੀ ਵੱਧ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਿਕਰਮ ਮਜੀਠੀਆ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਉਸੇ ਸ਼ੱਕੀ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਣ ਦੀ ਧਮਕੀ ਮਿਲ ਚੁੱਕੀ ਹੈ। ਲਗਾਤਾਰ ਇਕੋ ਨੰਬਰ ਤੋਂ ਮਿਲ ਰਹੀਆਂ ਧਮਕੀਆਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਇਸ ਮਾਮਲੇ ਵਿੱਚ ਸਾਇਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਨੀਤਿਕ ਨੇਤਾਵਾਂ ਨੂੰ ਮਿਲ ਰਹੀਆਂ ਇਸ ਤਰ੍ਹਾਂ ਦੀਆਂ ਲਗਾਤਾਰ ਧਮਕੀਆਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਫਿਲਹਾਲ ਪੁਲਿਸ ਅਤੇ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਤਕਨੀਕੀ ਪੱਖਾਂ ਦੀ ਜਾਂਚ ਕਰ ਰਹੀਆਂ ਹਨ।
















