ਅੰਮ੍ਰਿਤਸਰ, 3 ਅਪ੍ਰੈਲ (ਕੇ. ਐਲ. ਜੀਤ ਵਾਲੀਆ) – ਆਮ ਆਦਮੀ ਪਾਰਟੀ ਲੀਗਲ ਵਿੰਗ ਦੇ ਮਾਝਾ ਜੋਨ ਦੇ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿਜ਼ਰ ਨੇ ਗੈਸ ਸਿਲਿੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਹੱਦ ਵਾਧੇ ‘ਤੇ ਕੜੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਆਮ ਘਰਾਂ ਦੀ ਰਸੋਈ ਦਾ ਖਰਚਾ ਕਾਫੀ ਵੱਧ ਗਿਆ ਹੈ, ਜਿਸ ਕਾਰਨ ਮੱਧਵਰਗ ਅਤੇ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਲੋਕ-ਹਿਤਾਂ ਦੇ ਵਿਰੁੱਧ ਹਨ ਅਤੇ ਇਸ ਤਰ੍ਹਾਂ ਦੇ ਫੈਸਲੇ ਸਿੱਧੇ ਤੌਰ ‘ਤੇ ਲੋਕਾਂ ‘ਤੇ ਆਰਥਿਕ ਬੋਝ ਵਧਾਉਂਦੇ ਹਨ।
ਐਡਵੋਕੇਟ ਨਿਜ਼ਰ ਨੇ ਕਿਹਾ ਕਿ ਗੈਸ ਸਿਲਿੰਡਰਾਂ ਦੀਆਂ ਵਧੀਆਂ ਕੀਮਤਾਂ ਨਾਲ ਆਮ ਪਰਿਵਾਰਾਂ ਦਾ ਮਹੀਨਾਵਾਰ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਲੋਕਾਂ ਨੂੰ ਆਪਣੀਆਂ ਜ਼ਰੂਰੀ ਲੋੜਾਂ ‘ਤੇ ਕਟੌਤੀ ਕਰਨ ਲਈ ਮਜਬੂਰ ਹੋਣਾ ਪਵੇਗਾ।
ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਵਿੱਚ ਰੋਸ ਹੋਰ ਵਧ ਸਕਦਾ ਹੈ।
















