2013 ਤੋਂ ਪਾਰਟੀ ਨਾਲ ਨਿਭਾਈ ਵਫ਼ਾਦਾਰੀ ਦਾ ਮਿਲਿਆ ਸਨਮਾਨ
ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਕੀਤਾ ਅਹਿਦ
ਅੰਮ੍ਰਿਤਸਰ, 14 ਜੂਨ (ਕੇ.ਐਲ. ਜੀਤ ਵਾਲੀਆ, ਫੁਲਜੀਤ ਵਰਪਾਲ ) – ਆਮ ਆਦਮੀ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਫ਼ੈਸਲਾ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ, ਡਾਇਰੈਕਟਰ ਸੀਵਰੇਜ ਬੋਰਡ ਪੰਜਾਬ ਅਤੇ ਐਜੂਕੇਸ਼ਨ ਵਿੰਗ ਮਾਝਾ ਜੋਨ ਦੇ ਇੰਚਾਰਜ ਸਰਬਜੋਤ ਸਿੰਘ ਧੰਜਲ ਨੂੰ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਪਾਰਟੀ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਦੀ ਨਿਸ਼ਠਾ, ਸੰਗਠਨਾਤਮਕ ਯੋਗਦਾਨ ਅਤੇ ਮਿਹਨਤ ਦਾ ਸਨਮਾਨ ਮੰਨਿਆ ਜਾ ਰਿਹਾ ਹੈ।
ਸਰਬਜੋਤ ਸਿੰਘ ਧੰਜਲ ਸਾਲ 2013 ਤੋਂ ਆਮ ਆਦਮੀ ਪਾਰਟੀ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਵੱਖ-ਵੱਖ ਅਹਿਮ ਅਹੁਦਿਆਂ ‘ਤੇ ਰਹਿੰਦਿਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਆ ਰਹੇ ਹਨ। ਉਹ ਟਰੇਡ ਵਿੰਗ ਦੇ ਉਪ ਪ੍ਰਧਾਨ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ 2017 ਤੋਂ 2021 ਤੱਕ ਉਨ੍ਹਾਂ ਨੇ ਹਲਕਾ ਪੂਰਬੀ ਦੇ ਇੰਚਾਰਜ ਵਜੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਸਰਗਰਮ ਭੂਮਿਕਾ ਨਿਭਾਈ ਅਤੇ ਵਰਕਰਾਂ ਨੂੰ ਇਕਜੁੱਟ ਕਰਕੇ ਸੰਗਠਨ ਨੂੰ ਨਵੀਂ ਮਜ਼ਬੂਤੀ ਦਿੱਤੀ।
ਨਿਯੁਕਤੀ ਤੋਂ ਬਾਅਦ ਸਰਬਜੋਤ ਸਿੰਘ ਧੰਜਲ ਨੇ ਪਾਰਟੀ ਦੀ ਕੌਮੀ ਲੀਡਰਸ਼ਿਪ ਅਤੇ ਪੰਜਾਬ ਲੀਡਰਸ਼ਿਪ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ‘ਤੇ ਉਹ ਪੂਰੀ ਤਰ੍ਹਾਂ ਖਰੇ ਉਤਰਣਗੇ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ ਅਤੇ ਹਰ ਵਰਕਰ ਨੂੰ ਨਾਲ ਲੈ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਧੰਜਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ, ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਵਿਕਾਸ ਪੱਖੀ ਅਤੇ ਲੋਕ-ਭਲਾਈ ਦੀਆਂ ਨੀਤੀਆਂ ਨੂੰ ਹਰ ਵਰਗ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਤੇ ਸਮੂਹ ਸੀਨੀਅਰ ਲੀਡਰਸ਼ਿਪ ਦੇ ਵਿਸ਼ਵਾਸ ਲਈ ਹਮੇਸ਼ਾਂ ਰਿਣੀ ਰਹਿਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਮਿਹਨਤ ਕਰਦੇ ਹੋਏ ਪਾਰਟੀ ਦੇ ਸੰਗਠਨ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ ਅਤੇ ਪੰਜਾਬ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
















