ਅੰਮ੍ਰਿਤਸਰ, 21 ਮਈ (ਕੇ.ਐਲ. ਜੀਤ ਵਾਲੀਆ) – ਥਾਣਾ ਛੇਹਰਟਾ ਦੇ ਨਵ-ਨਿਯੁਕਤ ਇੰਚਾਰਜ ਬਲਵਿੰਦਰ ਸਿੰਘ ਨੂੰ ਅੱਜ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਛੇਹਰਟਾ ਦੇ ਪ੍ਰਧਾਨ ਅਵਤਾਰ ਸਿੰਘ ਜਿਊਲਰ, ਸਾਬਕਾ ਕੌਂਸਲਰ ਲਖਨਪਾਲ ਕਹੇੜ, ਉੱਘੇ ਸਮਾਜ ਸੇਵਕ ਸੁਰੇਸ਼ ਸ਼ਰਮਾ, ਸਤੀਸ਼ ਕੁਮਾਰ ਮੰਟੂ ਪ੍ਰਧਾਨ ਅਤੇ ਗੁਰਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਬਲਵਿੰਦਰ ਸਿੰਘ ਨੂੰ ਸਿਰੋਪਾ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਬਲਵਿੰਦਰ ਸਿੰਘ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਨਾਲ ਨਜ਼ਦੀਕੀ ਰੱਖਣ ਵਾਲੇ ਪੁਲਿਸ ਅਧਿਕਾਰੀ ਹਨ। ਉਨ੍ਹਾਂ ਦੇ ਥਾਣਾ ਛੇਹਰਟਾ ਦੇ ਇੰਚਾਰਜ ਬਣਨ ਨਾਲ ਇਲਾਕੇ ਵਿੱਚ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਇਨਸਾਫ਼ ਤੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਹੋਰ ਤੇਜ਼ੀ ਆਵੇਗੀ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਦੇ ਵਿਚਕਾਰ ਸਾਂਝ ਅਤੇ ਭਰੋਸਾ ਬਣਾਈ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਬਲਵਿੰਦਰ ਸਿੰਘ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ।
ਇਸ ਮੌਕੇ ਬਲਵਿੰਦਰ ਸਿੰਘ ਨੇ ਸਨਮਾਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਪਾਲਨਾ ਕਰਦੇ ਹੋਏ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਨਸ਼ਿਆਂ ਅਤੇ ਜੁਰਮ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਜੇਕਰ ਕਿਸੇ ਨੂੰ ਵੀ ਸਮਾਜ ਵਿਰੋਧੀ ਅਨਸਰ ਦੀ ਇਤਲਾਹ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ।ਇਸ ਮੌਕੇ ਹੋਰ ਵੀ ਕਈ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
















