ਬਠਿੰਡਾ, 22 ਸਤੰਬਰ ( ਸੱਤਪਾਲ ਮਾਨ ):- ਬੀਬੀਆਂ ਵਿਚ ਜੋ ਉਤਸਾਹ, ਹੌਸਲਾ, ਜਜਬਾ, ਦਲੇਰੀ ਅਤੇ ਹੱਸਣ-ਖੇਡਣ ਦੀ ਜੋ ਆਦਤ ਬਚਪਨੇ ਅਤੇ ਭਰ ਜਵਾਨੀ ਵਿੱਚ ਹੁੰਦੀ ਸੀ, ਉਸਨੂੰ ਬਰਕਰਾਰ ਰੱਖਣ ਤੇ ਉਨ੍ਹਾਂ ਦੇ ਮਨੋਬਲ ਨੂੰ ਕਾਇਮ ਰੱਖਣ ਦੇ ਮਕਸਦ ਲਈ ਚੜ੍ਹਦੀਕਲਾ ਫਾਊਂਡੇਸਨ ਬਠਿੰਡਾ ਦੀ ਇਕਾਂਈ ਚਿੜੀਆਂ ਦਾ ਚੰਬਾਂ ਸੱਭਿਆਚਾਰਕ ਮੰਚ ਵੱਲੋਂ ਸਥਾਨਕ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ 100 ਫੁਟੀ ਰੋਡ ਵਿਖੇ 27 ਸਤੰਬਰ 2026 ਨੂੰ ਸਵੇਰੇ 10 ਵਜੇ ਤੋਂ ਸਿਰਫ ਔਰਤਾਂ ਦਾ ਪਹਿਲਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਚੜ੍ਹਦੀਕਲਾ ਫਾਊਂਡੇਸਨ ਬਠਿੰਡਾ ਦੀ ਪ੍ਰਧਾਨ ਮੈਡਮ ਅਮ੍ਰਿਤ ਗਿੱਲ ਨੇ ਦਿੰਦਿਆਂ ਦੱਸਿਆ ਕਿ ਸਾਡਾ ਇਹ ਖੇਡ ਮੇਲਾ ਕਰਾਉਣ ਦਾ ਮਕਸਦ ਇਹ ਵੀ ਹੈ ਕਿ ਇਨ੍ਹਾਂ ਖੇਡਾਂ ਰਾਹੀਂ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਿਹਤਮੰਦ ਜੀਵਨ ਦੀ ਜਾਂਚ ਸਿਖਾਉਣਾ ਹੈ। ਜਿਸ ਨਾਲ ਉਹ ਤੰਦਰੁਸਤ ਅਤੇ ਅਜੋਕੇ ਯੁੱਗ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਣ। ਇਸ ਖੇਡ ਮੇਲੇ ਵਿਚ 25 ਸਾਲ ਤੋਂ ਉਪਰ ਦੀਆਂ ਮੁਟਿਆਰਾਂ ਹੀ ਭਾਗ ਲੈ ਸਕਣਗੀਆ। ਮੇਲੇ ਵਿਚ ਖੇਡਾਂ ਤੋਂ ਇਲਾਵਾ ਉਨ੍ਹਾਂ ਲਈ ਗੀਤ-ਸੰਗੀਤ ਨਾਲ ਮਨੋਰੰਜਨ ਕਰਨ ਲਈ ਕਈ ਗਾਇਕਾਵਾਂ ਵੀ ਪੁੱਜ ਰਹੀਆਂ ਹਨ, ਜੋ ਆਪਣੇ ਫਨ ਦਾ ਮੁਜਾਹਰਾ ਕਰਨਗੀਆਂ। ਮੈਡਮ ਅਮ੍ਰਿਤ ਗਿੱਲ ਨੇ ਸਭਨਾਂ ਬੀਬੀਆਂ ਨੂੰ ਇਸ ਮੇਲੇ ਵਿਚ ਵੱਧ-ਚੜਕੇ ਹਿੱਸਾ ਲੈਣ ਦਾ ਸੰਦੇਸ਼ ਦਿੰਦਿਆਂ ਦੱਸਿਆ ਕਿ ਜੇਤੂ ਮੁਟਿਆਰਾਂ ਨੂੰ ਢੁਕਵੇ ਇਨਾਮ ਦੇਣ ਤੋਂ ਇਲਾਵਾ ਸਭਨਾਂ ਲਈ ਰਿਫੈਸਮੈਂਟ ਦਾ ਇੰਤਜਾਮ ਕੀਤਾ ਗਿਆ ਹੈ।
















