ਮਾਨਸਿਕ ਸਿਹਤ ਸਮੱਸਿਆਵਾਂ, ਭਾਵਨਾਤਮਕ ਬੁੱਧੀਮਤਾ ਅਤੇ ਤਣਾਅ ਮੁਕਤ ਵਿਦਿਆਰਥੀ ਜੀਵਨ ਸਬੰਧੀ ਕੀਤਾ ਜਾਗਰੂਕ
ਫਿਰੋਜ਼ਪੁਰ 22 ਅਗਸਤ ( ਰਾਜੀਵ ਕੁਮਾਰ ) ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਬਾਲ ਭਲਾਈ ਕੌਂਸਲ ਪੰਜਾਬ, ਚੰਡੀਗੜ੍ਹ ਵੱਲੋਂ ਸਕੂਲ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 18 ਅਗਸਤ ਤੋਂ 20 ਅਗਸਤ ਤੱਕ ਤਿੰਨ ਰੋਜ਼ਾ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨਾ, ਭਾਵਨਾਤਮਕ ਬੁੱਧੀਮਤਾ ਵਿਕਸਿਤ ਕਰਨਾ, ਤਣਾਅ ਮੁਕਤ ਜੀਵਨ ਲਈ ਸਕਾਰਾਤਮਕ ਸੋਚ ਪੈਦਾ ਕਰਨਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।
ਡਾ. ਸਤਿੰਦਰ ਸਿੰਘ, ਪ੍ਰਿੰਸੀਪਲ-ਕਮ-ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਅਤੇ ਸਕੂਲ ਇੰਚਾਰਜ ਸੁਕੀਰਤੀ ਸ਼ਰਮਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਕੌਂਸਲਿੰਗ ਮਨੋਵਿਗਿਆਨੀ ਸਾਂਭਵੀ ਨੇਗੀ , ਅਨਵੀ ਬਿੰਦਰਾ ਅਤੇ ਥੀਏਟਰ ਕਲਾਕਾਰ ਕਪਿਲ ਵੱਲੋਂ ਵਿਦਿਆਰਥੀਆਂ ਨਾਲ ਭਾਵਨਾਤਮਕ ਅਤੇ ਸਮਾਜਿਕ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਰਚਨਾਤਮਕ ਅਤੇ ਭਾਗੀਦਾਰੀ ਵਾਲੀਆਂ ਗਤੀਵਿਧੀਆਂ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ, ਪ੍ਰਗਟ ਕਰਨ ਅਤੇ ਸੰਭਾਲਣ ਦੇ ਢੰਗਾਂ ਨਾਲ ਜਾਣੂ ਕਰਵਾਇਆ ਗਿਆ।
ਮਾਹਿਰਾਂ ਨੇ ਕਿਹਾ ਕਿ ਮਾਨਸਿਕ ਸਿਹਤ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਮਾਪਿਆਂ, ਅਧਿਆਪਕਾਂ, ਕੌਂਸਲਰਾਂ ਜਾਂ ਮਨੋਵਿਗਿਆਨੀਆਂ ਨਾਲ ਖੁੱਲ੍ਹ ਕੇ ਸਾਂਝਾ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਲਈ ਸੁਰੱਖਿਅਤ, ਸਹਿਯੋਗੀ ਅਤੇ ਸੰਵੇਦਨਸ਼ੀਲ ਮਾਹੌਲ ਦੀ ਸਿਰਜਣਾ ਉਨ੍ਹਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਬੇਹੱਦ ਮਹੱਤਵਪੂਰਨ ਹੈ।
ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਸਕੂਲ ਹੋਣ ਕਾਰਨ ਵਿਦਿਆਰਥੀ ਲੰਬੇ ਸਮੇਂ ਤੱਕ ਆਪਣੇ ਮਾਪਿਆਂ ਅਤੇ ਘਰ ਤੋਂ ਦੂਰ ਰਹਿੰਦੇ ਹਨ। ਕਿਸ਼ੋਰ ਅਵਸਥਾ ਦੌਰਾਨ ਪੜ੍ਹਾਈ, ਭਵਿੱਖ, ਰਿਸ਼ਤਿਆਂ ਅਤੇ ਹੋਰ ਸਮਾਜਿਕ-ਭਾਵਨਾਤਮਕ ਚੁਣੌਤੀਆਂ ਕਾਰਨ ਕਈ ਵਾਰ ਵਿਦਿਆਰਥੀ ਤਣਾਅ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰਦੇ ਹਨ। ਅਜਿਹੇ ਸਮੇਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮੈਡੀਟੇਸ਼ਨ, ਸਾਹਿਤਕ ਪੁਸਤਕਾਂ ਪੜ੍ਹਨ, ਸੈਰ ਕਰਨ, ਖੇਡਾਂ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਲਾਹੇਵੰਦ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਵੀ ਸਕੂਲ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਨੂੰ ਅੱਗੇ ਵਧਾਉਂਦਿਆਂ ਸਕੂਲ ਵਿੱਚ ਇਸ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਆਪਣੀਆਂ ਭਾਵਨਾਵਾਂ ਅਤੇ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਲੋੜ ਪੈਣ ‘ਤੇ ਸਹੀ ਵਿਅਕਤੀ ਤੋਂ ਸਹਾਇਤਾ ਲੈਣ ਲਈ ਉਤਸ਼ਾਹਿਤ ਹੋਣ।
ਸਕੂਲ ਇੰਚਾਰਜ ਸੁਕੀਰਤੀ ਸ਼ਰਮਾ ਨੇ ਬਾਲ ਭਲਾਈ ਕੌਂਸਲ ਪੰਜਾਬ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਯੋਗੀ ਅਤੇ ਵਿਦਿਆਰਥੀ-ਕੇਂਦਰਿਤ ਪ੍ਰੋਗਰਾਮ ਸਕੂਲ ਵਿੱਚ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ।ਇਸ ਮੌਕੇ ਸਕੂਲ ਸੁਨੀਲ ਸ਼ਰਮਾ ਸਕੱਤਰ ਰੈਡ ਕਰਾਸ ਸੁਸਾਇਟੀ, ਸਾਗਰ ਕੁਮਾਰ ਸਕੂਲ ਸਟਾਫ਼ ਅਤੇ ਰਾਵੀ ਹਾਊਸ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।
















